ਨਵੀਂ ਦਿੱਲੀ, 27 ਸਤੰਬਰ 2018 - ਡਾਲਰ ਦੇ ਮੁਕਾਬਲੇ ਦਿਨੋ ਦਿਨ ਗਿਰਦੇ ਜਾ ਰਹੇ ਰੁਪਏ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਏ.ਸੀ, ਫਰਿੱਜ, ਵਾਸ਼ਿੰਗ ਮਸ਼ੀਨ ਸਮੇਤ 19 ਲਗਜ਼ਰੀ ਉਤਪਾਦਾਂ 'ਤੇ ਆਯਾਤ ਖਰਚਿਆਂ 'ਚ ਭਾਰੀ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਬੁੱਧਵਾਰ-ਵੀਰਵਾਰ ਦੀ ਰਾਤ ਤੋਂ ਹੀ ਲਾਗੂ ਹੋ ਗਈਆਂ ਹਨ। ਕੇਂਦਰ ਸਰਕਾਰ ਦੇ ਇਸ ਕਦਮ ਨਾਲ ਹੁਣ ਇਹ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ। ਸਰਕਾਰ ਨੇ ਇਹ ਕਦਮ ਗੈਰ ਜਰੂਰੂ ਵਸਤੂਆਂ ਦੇ ਆਯਾਤ 'ਚ ਕਟੌਤੀ ਕਰਨ ਦੇ ਇਰਾਦੇ ਨਾਲ ਚੁੱਕਿਆ ਹੈ ਤਾਂ ਕਿ ਆਯਾਤ ਬੋਝ ਕੁਝ ਹਲਕਾ ਹੋ ਸਕੇ।
ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਸਾਲ 'ਚ ਇੰਨ੍ਹਾਂ ਵਸਤੂਆਂ ਨੂੰ ਦੇਸ਼ ਦੇ ਆਯਾਤ ਬਿੱਲ 'ਚ 83 ਹਜ਼ਾਰ ਕਰੋੜ ਰੁਪਏ ਦਾ ਬੋਝ ਪਿਆ ਹੈ। ਮੰਤਰਾਲੇ ਨੇ ਜਿਹੜੀਆਂ ਹੋਰ ਵਸਤੂਆਂ 'ਤੋਂ ਆਯਾਤ ਸ਼ੁਲਕ ਵਧਾਇਆ ਹੈ, ਉਸ 'ਚ ਵਾਸ਼ਿੰਗ ਮਸ਼ੀਨ, ਸਪੀਕਰ, ਕਾਰਾਂ ਦੇ ਰੇਡੀਅਲ ਟਾਇਰ, ਗਹਿਣੇ, ਰਸੋਈ ਅਤੇ ਟੇਬਲ ਵੇਅਰ, ਪਲਾਸਟਿਕ ਦੀਆਂ ਕੁਝ ਵਸਤੂਆਂ ਅਤੇ ਸੂਟਕੇਸ ਸ਼ਾਮਲ ਹਨ। ਕੁੱਲ 19 ਉਤਪਾਦਾਂ 'ਤੇ ਆਯਾਤ ਖਰਚੇ ਵਧਾਏ ਗਏ ਹਨ।