ਨਵੀਂ ਦਿੱਲੀ, 1 ਅਕਤੂਬਰ 2018 -ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੀਐਨਬੀ ਘੁਟਾਲੇ 'ਚ ਨੀਰਵ ਮੋਦੀ ਦੀ ਦੇਸ਼ ਤੇ ਵਿਦੇਸ਼ ਵਿੱਚ 637 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਅਮਰੀਕਾ ਦੇ ਨਿਊਯਾਰਕ, ਲੰਦਨ, ਸਿੰਗਾਪੁਰ ਤੇ ਮੁੰਬਈ ਵਿੱਚ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਨੀਰਵ ਮੋਦੀ ਮੇਹੁਲ ਚੌਕਸੀ ਦਾ ਭਾਣਜਾ ਹੈ। ਮਾਮੇ-ਭਾਣਜੇ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਦਾ ਦੋਸ਼ ਹੈ। ਦੋਵਾਂ ਨੇ ਬੈਂਕ ਵਿੱਚ ਘਪਲੇ ਕਰ ਕੇ ਕਾਲ਼ੇ ਧਨ ਨੂੰ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਦੇਸ਼ ਤੇ ਵਿਦੇਸ਼ ਵਿੱਚ ਜਾਇਦਾਦਾਂ ਬਣਾਈਆਂ ਸਨ।
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਨੀਰਵ ਮੋਦੀ ਨਾਲ ਸਬੰਧਤ 216 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਤੇ ਲੰਦਨ ਦੇ ਮੈਰਾਥਨ ਹਾਊਸ ਵਿੱਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਦਾ 57 ਕਰੋੜ ਦਾ ਫਲੈਟ ਜ਼ਬਤ ਕੀਤਾ ਗਿਆ। ਇਸਤੋਂ ਇਲਾਵਾ ਸਿੰਗਾਪੁਰ ਵਿੱਚ ਪੂਰਵੀ ਮੋਦੀ ਤੇ ਉਸ ਦੇ ਪਤੀ ਮਿਅੰਕ ਮਹਿਤਾ ਦਾ 44 ਕਰੋੜ ਰੁਪਏ ਬੈਲੇਂਸ ਵਾਲਾ ਖਾਤਾ ਵੀ ਜ਼ਬਤ ਕਰ ਦਿੱਤਾ ਗਿਆ ਹੈ। ਨੀਰਵ ਮੋਦੀ ਤੇ ਪੂਰਵੀ ਮੋਦੀ ਨਾਲ ਸਬੰਧਤ 278 ਕਰੋੜ ਰੁਪਏ ਬੈਲੇਂਸ ਵਾਲੇ ਪੰਜ ਖਾਤੇ ਵੀ ਜ਼ਬਤ ਕੀਤੇ ਗਏ। ਦੱਖਣੀ ਮੁੰਬਈ ਵਿੱਚ ਪੂਰਵੀ ਮੋਦੀ ਦਾ 19.5 ਕਰੋੜ ਰੁਪਏ ਦਾ ਫਲੈਟ ਵੀ ਜ਼ਬਤ ਕੀਤਾ ਗਿਆ।