ਨਵੀਂ ਦਿੱਲੀ, 27 ਅਪ੍ਰੈਲ 2019 - ਭਾਰਤੀ ਰਿਜ਼ਰਵ ਬੈਂਕ ਨੇ ਜਲਦੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਮਹਾਤਮਾ ਗਾਂਧੀ (ਨਿਊ) ਲੜੀ ਦੇ ਤਹਿਤ ਜਾਰੀ ਹੋਣ ਵਾਲੇ ਇਸ ਨੋਟ 'ਤੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ। ਰਿਜ਼ਰਵ ਬੈਂਕ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 20 ਰੁਪਏ ਦਾ ਨਵਾਂ ਨੋਟ ਥੋੜ੍ਹਾ ਹਰਾ-ਪੀਲੇ ਰੰਗ ਦਾ ਹੋਵੇਗਾ।
ਨੋਟ ਦੇ ਪਿੱਛੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੀਆਂ ਐਲੋਰਾ ਦੀਆਂ ਗੁਫ਼ਾਵਾਂ ਦਾ ਚਿੱਤਰ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਇਹ ਸਾਫ਼ ਕੀਤਾ ਹੈ ਕਿ 20 ਰੁਪਏ ਦੇ ਪਹਿਲਾਂ ਤੋਂ ਚੱਲ ਰਹੇ ਸਾਰੇ ਨੋਟ ਵੀ ਚੱਲਦੇ ਰਹਿਣਗੇ। ਜ਼ਿਕਰਯੋਗ ਹੈ ਕਿ ਸਾਲ 2016 'ਚ ਨੋਟਬੰਦੀ ਤੋਂ ਬਾਅਦ 2000, 500, 200, 100, 50 ਅਤੇ 10 ਰੁਪਏ ਦੇ ਨਵੇਂ ਨੋਟ ਵੀ ਜਾਰੀ ਕੀਤੇ ਜਾ ਚੁੱਕੇ ਹਨ।