ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ , 27 ਜੂਨ , 2019 : ਏਅਰ ਇੰਡੀਆ ਨੇ ਦਿੱਲੀ-ਟੋਰਾਂਟੋ ਸਿੱਧੀ ਫਲਾਈਟ ਮੁੜ ਚਾਲੂ ਕਰਨ ਦਾ ਰਸਮੀ ਕਰ ਕੇ ਇਸ ਦੀ ਸਮਾਂ-ਸੂਚੀ ਜਾਰੀ ਕਰ ਦਿੱਤੀ ਹੈ ਪਰ ਨਾਲ ਇਸ ਐਲਾਨ ਨੇ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਵੱਲੋਂ 14 ਜੂਨ ਨੂੰ ਕੀਤੇ ਦਾਅਵੇ ਨੂੰ ਵੀ ਝੂਠਾ ਸਾਬਤ ਕਰ ਦਿੱਤਾ ਹੈ ਕਿ ਏਅਰ ਇੰਡੀਆ ਸਤੰਬਰ , 2019 ਤੋਂ ਅੰਮ੍ਰਿਤਸਰ -ਦਿੱਲੀ-ਟੋਰਾਂਟੋ ਫਲਾਈਟ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਬਾਕਾਇਦਾ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ।
ਬਾਬੂਸ਼ਾਹੀ ਸਮੇਤ ਸਭ ਮੀਡੀਆ ਨੇ ਹਰਦੀਪ ਪੁਰੀ ਦੇ ਹਵਾਲੇ ਨਾਲ ਖ਼ਬਰਾਂ ਵੀ ਨਸ਼ਰ ਕਰ ਦਿੱਤੀਆਂ ਸਨ, ਪਰ ਹੁਣ ਇਹ ਅਸਲੀਅਤ ਸਾਹਮਣੇ ਆ ਗਈ ਹੈ ਕਿ ਇਹ ਉਡਾਣ ਦਿੱਲੀ ਤੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਤੋਂ ਸਿਰਫ਼ ਟੋਰਾਂਟੋ ਦਾ ਕਨੈਕਟਿੰਗ ਫਲਾਈਟ ਲਿੰਕ ਬਣਾਇਆ ਜਾ ਸਕਦਾ ਹੈ ਜੋ ਕਿ ਚੰਡੀਗੜ੍ਹ ਜਾਂ ਹੋਰ ਕਿਸੇ ਵੀ ਏਅਰਪੋਰਟ ਤੋਂ ਬਣਾਇਆ ਜਾ ਸਕਦਾ ਹੈ। ਅਜਿਹਾ ਉਨ੍ਹਾਂ ਕਿਉਂ ਕੀਤਾ ? ਇਸ ਦਾ ਜਵਾਬ ਉਹ ਖ਼ੁਦ ਹੀ ਦੇ ਸਕਦੇ ਨੇ।
ਅੰਮ੍ਰਿਤਸਰ ਤੋਂ ਯੂ ਕੇ , ਕੈਨੇਡਾ ਅਤੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਸੁਮੀਤ ਗੁੰਮਟਾਲਾ ਨੇ ਉਸ ਦਿਨ ਵੀ ਇਹ ਸਵਾਲ ਉਠਾਇਆ ਸੀ ਪੰਜਾਬ ਦੇ ਲੋਕਾਂ ਦੀ ਮੰਗ ਅੰਮ੍ਰਿਤਸਰ ਤੋਂ ਟੋਰਾਂਟੋ ਸਿੱਧੀ ਫਲਾਈਟ ਦੀ ਹੈ।
ਦਿੱਲੀ ਟੋਰਾਂਟੋ ਫਲਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਚੰਡੀਗੜ੍ਹ ਸਟੇਸ਼ਨ ਮੈਨੇਜਰ ਐਮ ਆਰ ਜਿੰਦਲ ਨੇ ਦੱਸਿਆ ਕਿ ਇਹ ਉਡਾਣ 27 ਸਤੰਬਰ 2019 ਤੋਂ ਸ਼ੁਰੂ ਹੋਵੇਗੀ। ਹਫ਼ਤੇ 'ਚ ਤਿੰਨ ਦਿਨ ਸੋਮਵਾਰ , ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਟੋਰਾਂਟੋ ਲਈ ਅਤੇ ਇਸੇ ਤਰ੍ਹਾਂ ਵੀ ਟੋਰਾਂਟੋ ਤੋਂ ਦਿੱਲੀ ਲਈ ਵਾਪਸੀ ਚੱਲੇਗੀ। ਇਸ ਦੇ ਫਲਾਈਟ ਨੰਬਰ 187 ਅਤੇ 188 ਹੋਣਗੇ। ਇਸ ਫਲਾਈਟ ਦੀਆਂ ਵਨ ਵੇ ਅਤੇ ਰਿਟਰਨ ਟਿਕਟਾਂ ਦੇ ਘੱਟੋ ਘੱਟ ਰੇਟ ਵੀ ਐਲਾਨ ਦਿੱਤੇ ਗਏ ਹਨ।।
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਫਲਾਈਟ ਚੱਲਦੀ ਸੀ। ਭਾਵੇਂ ਇਹ ਦਿੱਲੀ ਤੋਂ ਹੀ ਹੋ ਕੇ ਜਾਂਦੀ ਸੀ। ਵਾਪਸੀ ਵੀ ਅੰਮ੍ਰਿਤਸਰ ਆ ਕੇ ਹੀ ਰੁਕਦੀ ਸੀ। ਪਰ ਬਾਅਦ ਵਿਚ ਇਹ ਬੰਦ ਕਰ ਦਿੱਤੀ ਗਈ ਸੀ।
ਇਸੇ ਤਰ੍ਹਾਂ ਏਅਰ ਇੰਡੀਆ ਦੀ ਦਿੱਲੀ ਤੋਂ ਟੋਰਾਂਟੋ ਸਿੱਧੀ ਉਡਾਣ ਵੀ ਕੁਝ ਵਰ੍ਹੇ ਪਹਿਲਾਂ ਚੱਲਦੀ ਹੁੰਦੀ ਸੀ ਪਰ ਇਹ ਵੀ ਬੰਦ ਕਰ ਦਿੱਤੀ ਗਈ ਸੀ। ਹੁਣ ਇਸੇ ਫਲਾਈਟ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਰਸਤੇ ਵਿਚ ਇਸਦਾ ਕੋਈ ਸਟਾਪ ਨਹੀਂ। ਕੁੱਲ 14 ਤੋਂ 15 ਘੰਟੇ ਦਾ ਸਮਾਂ ਇੱਕ ਪਾਸੇ ਦਾ ਲਗਦਾ ਹੈ।
ਹਰਦੀਪ ਪੁਰੀ ਵੱਲੋਂ ਕੀਤਾ 14 ਜੂਨ 2019 ਦਾ ਟਵੀਟ :-
Nanak Naam Chardhi Kala, Tere Bhaane Sarbat Da Bhala. Delighted to announce the commencement of a thrice weekly
@airindiain flight between Sri Amritsar Sahib and Canada. The Amritsar-Delhi-Toronto flight will commence on the occasion of World Tourism Day on 27 Sept. 2019.
ਏਅਰ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਦਿੱਲੀ-ਟੋਰਾਂਟੋ ਸਰਕੂਲਰ