ਨਾਭਾ (ਪਟਿਆਲਾ), 17 ਅਗਸਤ 2019 - ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਨਾਭਾ ਖੇਤਰ ਵਿੱਚ ਇਕ ਛੋਟੇ ਉਦਯੋਗ ਤੋਂ ਸ਼ੁਰੂਆਤ ਕਰਕੇ ਅੱਜ ਪ੍ਰੀਤ ਗਰੁੱਪ ਇੱਕ ਗਲੋਬਲ ਬ੍ਰਾਂਡ ਦਾ ਰੂਪ ਲੈ ਚੁੱਕਾ ਹੈ।
ਕੰਪਨੀ ਦੇ ਬੁਲਾਰੇ ਨੇ ਦੱਸਿਆ ਕੇ ਬੀਤੇ ਦਿਨ ਪ੍ਰੀਤ ਬ੍ਰਾਂਡ ਦੇ 111 ਟਰੈਕਟਰਾਂ ਨੂੰ ਕੰਪਨੀ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਨੇ ਹਰੀ ਝੰਡੀ ਵਿਖਾ ਕੇ ਨੇਪਾਲ ਲਈ ਰਵਾਨਾ ਕੀਤਾ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਨੀਆਂ ਭਰ ਦੇ 25 ਦੇਸ਼ਾਂ ਵਿਚ ਪ੍ਰੀਤ ਟਰੈਕਟਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਯੂਰਪ ਤੇ ਹੋਰਨਾਂ ਦੇਸ਼ਾਂ ਵਿੱਚ ਟਰੈਕਟਰਾਂ ਦੀ ਵਧਦੀ ਮੰਗ ਨੂੰ ਵੇਖਦਿਆਂ ਕੰਪਨੀ ਨੇ ਵਿਸ਼ਵ ਪੱਧਰ ਦੀ ਟੈਕਨਾਲੋਜੀ ਦੇ 20 ਤੋਂ 26 ਹੌਰਸ ਪਾਵਰ ਦੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਮਾਡਲਜ਼ ਨੂੰ ਯੂਰਪ ਵਿੱਚ ਮਾਨਤਾ ਵੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤ ਟਰੈਕਟਰਾਂ ਦੇ ਨਵੇਂ ਮਾਡਲ ਆਸਟ੍ਰੇਲੀਆ, ਫਿਲਪਿਨਜ਼, ਮਲੇਸ਼ੀਆ, ਤੁਰਕੀ, ਬੰਗਲਾਦੇਸ਼ ਅਤੇ ਬਰਮਾ ਦੇਸ਼ਾਂ ਵਿੱਚ ਵੀ ਛੇਤੀ ਉਪਲਬਧ ਹੋ ਜਾਣਗੇ।
ਪ੍ਰੀਤ ਗਰੁੱਪ ਟਰੈਕਟਰਾਂ ਤੋਂ ਇਲਾਵਾ ਕੰਬਾਈਨ ਅਤੇ ਖੇਤੀਬਾੜੀ ਦੇ ਹੋਰ ਕਈ ਤਰ੍ਹਾਂ ਦੇ ਆਧੁਨਿਕ ਔਜ਼ਾਰ ਵੀ ਬਣਾਉਂਦਾ ਹੈ ਜਿਹੜੇ ਦੇਸ਼ ਭਰ ਦੇ ਕਿਸਾਨਾਂ ਦੀ ਪਹਿਲੀ ਪਸੰਦ ਹਨ। ਇਸ ਮੌਕੇ 'ਤੇ ਕੰਪਨੀ ਦੇ ਡਾਇਰੈਕਟਰ ਹਨਦੀਪ ਸਿੰਘ, ਸੁਖਵਿੰਦਰ ਸਿੰਘ ਤੇ ਜੀ.ਐੱਮ. ਰਾਜੀਵ ਕੌਸ਼ਲ ਵੀ ਮੌਜੂਦ ਸਨ।