ਲੰਡਨ, 25 ਸਤੰਬਰ 2019: ਏਅਰ ਇੰਡੀਆ ਨੇ ਨਵੰਬਰ 2019 ਤੋਂ ਲੰਡਨ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਯੂ.ਕੇ ਦੇ ਪਹਿਲੇ ਸਿੱਖ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰਦਿਆਂ ਕਿਹਾ ਕਿ “ਇਹ ਬਹੁਤ ਹੀ ਚੰਗੀ ਖ਼ਬਰ ਹੈ ਕਿ ਆਖਰਕਾਰ ਨਵੰਬਰ 2019 ਵਿੱਚ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ।"
ਉਨ੍ਹਾਂ ਕਿਹਾ ਕਿ, " ਲੰਡਨ ਸਟੈਨਸਟਡ ਅਤੇ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀਆਂ ਹਫਤੇ 'ਚ ਤਿੰਨ ਉਡਾਣਾਂ ਸ਼ੁਰੂ ਹੋਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਚੰਗੀ ਖਬਰ ਹੈ।"
ਢੇਸੀ ਨੇ ਕਿਹਾ ਕਿ ਇਹ ਫੈਸਲਾ ਲੈਣ ਲਈ ਏਅਰ ਇੰਡੀਆ ਅਤੇ ਭਾਰਤ ਸਰਕਾਰ ਦਾ ਧੰਨਵਾਦੀ ਹਾਂ। ਇਹ ਪੰਜਾਬੀ ਡਾਇਸਪੋਰਾ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਮਸਲਾ ਰਿਹਾ ਹੈ ਅਤੇ ਮੈਂ ਆਪਣੇ ਸੰਸਦ ਮੈਂਬਰਾਂ, ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂਕੇ ਅਤੇ ਹੋਰ ਸੰਸਥਾਵਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਮੰਗ ਦਾ ਸਮਰਥਨ ਕੀਤਾ ਹੈ।"