ਚੰਡੀਗੜ੍ਹ, 3 ਅਕਤੂਬਰ 2019 - ਆਪਣੀਆਂ ਮੰਗਾਂ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਅੰਦਰ ਝੋਨੇ ਦੀ ਤੁਲਾਈ ਅਤੇ ਸਰਕਾਰੀ ਬੋਲੀ 'ਤੇ ਰੋਕ ਲਾਈ ਗਈ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵੱਲੋਂ ਲੰਘੇ ਦਿਨੀਂ ਸੂਬਾ ਭਰ ਦੇ ਆੜ੍ਹਤੀਆਂ ਨੂੰ ਸਰਕਾਰੀ ਖਰੀਦ ਦੇ ਬੰਦ ਦੇ ਸੱਦੇ ਮੁਤਾਬਕ ਸਾਰੇ ਪੰਜਾਬ ਦੀਆਂ ਮੰਡੀਆਂ ਚ ਖ਼ਰੀਦ ਨਹੀਂ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਖੰਨਾ ਮੰਡੀ ਵਿਖੇ ਸਰਕਾਰੀ ਮਸ਼ੀਨਰੀ ਵੱਲੋਂ ਧੱਕੇ ਨਾਲ ਇੱਕ ਕਿਸਾਨ ਦਾ ਨਾਮ ਦਰਜ ਕਰਕੇ 5 ਟਨ ਦੀ ਖਰੀਦ ਦਰਜ ਹੋਣ ਦਾ ਐਲਾਨ ਕੀਤਾ ਗਿਆ ਸੀ।
ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਬੰਧਤ ਆੜ੍ਹਤੀਆਂ ਕੋਲੋਂ ਉਸ ਢੇਰੀ ਦਾ ਸਰਕਾਰ ਨੂੰ ਬਿੱਲ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸ ਢੇਰੀ ਨੂੰ ਰਜਿਸਟਰ ਵਿੱਚ ਦਰਜ ਕੀਤਾ ਹੈ। ਸ. ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਆੜ੍ਹਤੀਆਂ ਨੂੰ ਪਾੜਨ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣਗੀਆਂ। ਆਪਣੀ ਰੋਟੀ ਰੋਜ਼ੀ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਜੁੱਟ ਹੋ ਕੇ ਲੜਾਈ ਲੜਨਗੇ ਅਤੇ ਜਿਨ੍ਹਾਂ ਚਿਰ ਪੰਜਾਬ ਸਰਕਾਰ ਆੜ੍ਹਤੀਆਂ ਦੀ ਆੜ੍ਹਤ ਰੋਕਣ ਦੀ ਚਿੱਠੀ ਵਾਪਸ ਨਹੀਂ ਲੈਂਦੀ ਪੰਜਾਬ ਵਿੱਚ ਕਿਤੇ ਵੀ ਨਾ ਸਰਕਾਰੀ ਝੋਨਾ ਭਰਨਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਪ੍ਰਸ਼ਾਸਨਿਕ ਅਧਿਕਾਰੀਆਂਨੂੰ ਇਹ ਮਸਲਾ ਮੁਕਾਉਣ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ ਨਹੀਂ ਤਾਂ ਜਿਵੇਂ ਜਿਵੇਂ ਮੰਡੀਆਂ ਭਰ ਰਹੀਆਂ ਹਨ ਕਿਸਾਨਾਂ ਦਾ ਸਬਰ ਟੁੱਟ ਰਿਹਾ ਹੈ ਉਹ ਕਿਸੇ ਵੇਲੇ ਵੀ ਸੜਕਾਂ ਤੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਦੀ ਆੜ੍ਹਤ ਰੋਕਣ ਦਾ ਫ਼ੈਸਲਾ ਵਾਪਸ ਨਹੀਂ ਲਵੇਗੀ। ਕੋਈ ਵੀ ਆੜ੍ਹਤੀ ਪੰਜਾਬ ਵਿੱਚ ਨਾ ਸਰਕਾਰੀ ਬੋਲੀ ਕਰਾਏਗਾ ਅਤੇ ਨਾ ਹੀ ਤੁਲਾਈ ਕਰੇਗਾ ਉਨ੍ਹਾਂ ਕਿਹਾ ਕਿ ਸਰਕਾਰ ਸਾਰੀ ਤਾਕਤ ਝੋਕ ਕੇ ਵੀ ਆੜ੍ਹਤੀਆਂ ਨੂੰ ਪਾੜਨ ਦੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਵੇਗੀ। ਇਸ ਮੌਕੇ ਖੰਨਾ ਮੰਡੀ ਤੋਂ ਵੱਡੀ ਗਿਣਤੀ ਵਿਚ ਆੜ੍ਹਤੀ ਮੌਜੂਦ ਸਨ।