ਚੰਡੀਗੜ੍ਹ, 26 ਅਕਤੂਬਰ, 2019: ਅਲਾਇੰਸ ਏਅਰ, ਏਅਰ ਇੰਡੀਆ ਗਰੁੱਪ ਦੀ ਕੰਪਨੀ 16 ਨਵੰਬਰ, 2019 ਤੋਂ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਲਿਮਟਿਡ ਦੇ ਸਟੇਸ਼ਨ ਮੈਨੇਜਰ ਮਾਮ ਰਾਜ ਜਿੰਦਲ ਨੇ ਦੱਸਿਆ ਕਿ ਇਹ ਉਡਾਣ ਐਤਵਾਰ ਨੂੰ ਛੱਡ ਕੇ ਹਫਤੇ ਵਿਚ 6 ਦਿਨ ਹਰ ਰੋਜ਼ ਚੱਲੇਗੀ। ਉਨ੍ਹਾਂ ਕਿਹਾ ਕਿ ਇਹ ਏ.ਟੀ.ਆਰ 70 ਸੀਟਰ ਜਹਾਜ਼ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਉਡਾਣ ਨਾਲ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਛੁੱਟੀਆਂ ਬਿਤਾਉਣ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਇਸ ਖੇਤਰ ਦੇ ਮੰਦਰਾਂ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਉਡਾਣ ਧਰਮਸ਼ਾਲਾ ਤੋਂ ਸਵੇਰੇ 8.30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.30 ਵਜੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਇਹ ਚੰਡੀਗੜ੍ਹ ਤੋਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9.55 ਵਜੇ ਰਵਾਨਾ ਹੋਏਗੀ ਅਤੇ ਸਵੇਰੇ 10.55 ਵਜੇ ਧਰਮਸ਼ਾਲਾ ਪਹੁੰਚੇਗੀ।