ਸੰਜੀਵ ਸੂਦ
ਲੁਧਿਆਣਾ, 6 ਮਾਰਚ 2020 - ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਯੈੱਸ ਬੈਂਕ ਦੇ ਗ੍ਰਾਹਕਾਂ ਦੀ ਕੈਸ਼ ਵਿਡਰਾਲ ਲਿਮਿਟ ਨੂੰ ਬੀਤੇ ਦਿਨ ਘਟਾਉਣ ਦਾ ਐਲਾਨ ਕਰਨ ਤੋਂ ਬਾਅਦ ਬੈਂਕ ਦੇ ਗ੍ਰਾਹਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਆਰਬੀਆਈ ਨੇ ਬੈਂਕ ਤੋਂ ਕੈਸ਼ ਕਢਵਾਉਣ ਦੀ ਲਿਮਿਟ ਨੂੰ 50 ਹਜ਼ਾਰ ਕਰ ਦਿੱਤਾ ਹੈ ਜਿਸ ਕਰਕੇ ਲੋਕ ਆਪਣੇ ਪੈਸੇ ਬੈਂਕ ਚੋਂ ਕਢਵਾ ਰਹੇ ਨੇ। ਬੈਂਕ ਦੇ ਬਾਹਰ ਵੱਡੀ ਤਾਦਾਦ ਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ।
ਹਾਲਾਂਕਿ ਬੈਂਕ ਨੂੰ ਆਰ.ਬੀ.ਆਈ ਨੇ ਇਹ ਹਦਾਇਤਾਂ ਦਿੱਤੀਆਂ ਨੇ ਕਿ ਜੇਕਰ ਕਿਸੇ ਨੂੰ ਸਿੱਖਿਆ ਲਈ ਸਿਹਤ ਲਈ ਜਾਂ ਫਿਰ ਐਮਰਜੈਂਸੀ ਲਈ ਵੱਧ ਕੈਸ਼ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ। ਪਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਬੈਂਕ ਦੇ ਗਾਹਕਾਂ ਨੇ ਕਿਹਾ ਹੈ ਕਿ ਉਹ ਸਵੇਰ ਤੋਂ ਪੈਸੇ ਕਢਵਾਉਣ ਲਈ ਖੜ੍ਹੇ ਨੇ ਪਰ ਉਨ੍ਹਾਂ ਦਾ ਨੰਬਰ ਹਾਲੇ ਤੱਕ ਨਹੀਂ ਆਇਆ ਬੈਂਕ ਅਧਿਕਾਰੀ ਵੀ ਕੋਈ ਸਾਫ ਜਵਾਬ ਨਹੀਂ ਦੇ ਰਹੇ।
ਉਨ੍ਹਾਂ ਨੇ ਕਿਹਾ ਕਿ ਜੋ ਪੈਸੇ ਦਿੱਤੇ ਜਾ ਰਹੇ ਨੇ ਉਹ ਛੋਟੇ ਨੋਟਾਂ ਦੇ ਰੂਪ ਚ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਸਾਂਭਣਾ ਕਾਫ਼ੀ ਔਖਾ ਹੈ। ਇਥੋਂ ਤੱਕ ਕਿ ਲੁਧਿਆਣਾ ਦੀ ਕਈ ਬ੍ਰਾਂਚਾਂ ਨੇ ਤਾਂ ਪੈਸੇ ਖਤਮ ਹੋਣ ਦੀ ਗੱਲ ਕਹਿ ਕੇ ਗ੍ਰਾਹਕਾਂ ਨੂੰ ਵਾਪਿਸ ਮੋੜ ਦਿੱਤਾ। ਗਾਹਕਾਂ ਵਿਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਆਪਣੇ ਪੈਸੇ ਕਢਵਾਉਣ ਲਈ ਬੈਂਕ ਪਹੁੰਚ ਕਰ ਰਿਹਾ ਹੈ। ਲੋਕਾਂ ਨੇ ਕਿਹਾ ਹੈ ਕਿ ਇੱਕ ਪਾਸੇ ਦਾ ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ ਉੱਥੇ ਹੀ ਹੁਣ ਬੈਂਕਾਂ ਦੇ ਵਿੱਚ ਅਜਿਹੀ ਲਿਮਟਾਂ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ।