ਰਜਨੀਸ਼ ਸਰੀਨ
ਲੁਧਿਆਣਾ, 4 ਜੂਨ 2020 - ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਵਰਲਡ ਸਾਈਕਲ ਡੇਅ ਵਾਲੇ ਦਿਨ ਗਾਜ਼ਿਆਬਾਦ ਸਥਿਤ ਐਟਲਸ ਸਾਈਕਲ ਦੀ ਫੈਕਟਰੀ ਬੰਦ ਹੋਣ ਅਤੇ ਇਸ ਕਾਰਨ ਹਜ਼ਾਰਾਂ ਮਜ਼ਦੂਰਾਂ ਦੇ ਬੇਰੁਜ਼ਗਾਰ ਹੋਣ ਤੇ ਦੁੱਖ ਪ੍ਰਗਟ ਕਰਦਿਆਂ, ਮੇਕ ਇਨ ਇੰਡੀਆ ਦੇ ਨਾਅਰੇ ਵਿਚਾਲੇ ਆਰਥਿਕ ਮੋਰਚੇ ਤੇ ਇਸਨੂੰ ਕੇਂਦਰ ਸਰਕਾਰ ਦੀ ਇੱਕ ਵੱਡੀ ਨਾਕਾਮੀ ਕਰਾਰ ਦਿੱਤਾ ਹੈ।
ਇੱਥੇ ਜਾਰੀ ਇੱਕ ਬਿਆਨ ਚ ਦੀਵਾਨ ਨੇ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਗੱਲ ਕਰ ਰਹੀ ਹੈ। ਉੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਨਿਰਮਾਤਾ ਕੰਪਨੀ ਐਟਲਸ ਦਾ ਗਾਜਿਆਬਾਦ ਯੂਨਿਟ ਬੰਦ ਹੋਣ ਨਾਲ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਦੀਵਾਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਚ ਉਦਯੋਗਾਂ ਦੀ ਹਾਲਤ ਵਿਗੜੀ ਹੈ, ਜਿਹੜੇ ਹੁਣ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਕਾਰਜਕਾਲ ਦੇ ਦਿਨਾਂ ਨੂੰ ਯਾਦ ਕਰਦੇ ਹਨ। ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਮਜ਼ਦੂਰਾਂ ਨੂੰ ਮਨਰੇਗਾ ਵਰਗੀਆਂ ਸਕੀਮਾਂ ਹੇਠ ਸ਼ਾਮਿਲ ਕਰਕੇ ਕੰਪਨੀ ਦੀ ਮਦਦ ਕਰਨੀ ਚਾਹੀਦੀ ਸੀ, ਤਾਂ ਜੋ ਸਾਈਕਲ ਨਿਰਮਾਣ ਦੇ ਇੱਕ ਯੁੱਗ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਜਿੱਥੇ ਸੂਬੇ ਦੇ ਨਾਲ-ਨਾਲ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਨੀਦਰਲੈਂਡ ਵਰਗੇ ਦੇਸ਼ ਚ ਸਾਈਕਲ ਨੂੰ ਪ੍ਰਮੋਟ ਕਰਨ ਵਾਸਤੇ ਉੱਥੋਂ ਦੇ ਵੱਡੇ ਵੱਡੇ ਆਗੂ ਤੱਕ ਸਾਈਕਲ ਤੇ ਯਾਤਰਾ ਕਰ ਰਹੇ ਹਨ, ਪਰ ਇੱਥੇ ਸਰਕਾਰ ਨੇ ਆਮ ਵਿਅਕਤੀ ਦੀ ਸਵਾਰੀ ਮੰਨੀ ਜਾਂਦੀ ਸਾਈਕਲ ਇੰਡਸਟਰੀ ਨੂੰ ਲੈ ਕੇ ਕੁਝ ਨਹੀਂ ਕੀਤਾ।