ਅਸ਼ੋਕ ਵਰਮਾ
ਬਠਿੰਡਾ, 5 ਜੂਨ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਨੀਲ ਗ਼ਰਗ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੋਰੋਨਾ ਵਾਇਰਸ ਕਾਰਨ ਸੰਕਟ ’ਚ ਫਸੇ ਛੋਟੇ ਦੁਕਾਨਦਾਰਾਂ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਵੈਸੇ ਤਾਂ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ 'ਚ ਰੁਜ਼ਗਾਰ ਅਤੇ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਮੱਧ ਵਰਗ ਅਤੇ ਛੋਟੇ ਦੁਕਾਨਦਾਰਾਂ ਨੂੰ ਪਈ ਹੈ।
ਨੀਲ ਗਰਗ ਨੇ ਦੱਸਿਆ ਕਿ ਕਹਿਣ ਨੂੰ ਤਾਂ ਕੇਂਦਰ ਸਰਕਾਰ ਨੇ ਇਸ ਮਹਾਂਮਾਰੀ ਕਾਰਨ ਤਹਿਸ ਨਹਿਸ ਹੋਏ ਉਦਯੋਗ ਨੂੰ ਪਟੜੀ 'ਤੇ ਲਿਆਉਣ ਲਈ 20 ਲੱਖ ਕਰੋੜ ਦਾ ਪੈਕਜ ਦਿੱਤਾ ਹੈ ਪਰ ਇਸ ਵਿਚ ਵੀ ਮੱਧ ਵਰਗ ਅਤੇ ਛੋਟੇ ਦੁਕਾਨਦਾਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਨਾਂ ਚੇਤਾ ਕਰਾਇਆ ਕਿ ਲਾਕਡਾਊਨ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਇਨਾਂ ਦੁਕਾਨਦਾਰਾਂ ਦੀ ਬਾਂਹ ਫੜਨਾ ਸੂਬਾ ਅਤੇ ਕੇਂਦਰ ਸਰਕਾਰ ਦਾ ਫਰਜ ਹੈ।
ਨੀਲ ਗਰਗ ਮੁਤਾਬਿਕ ਦੇਸ਼ ਵਿਚ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਤੋਂ ਬਾਅਦ ਪਰਚੂਨ (ਰਿਟੇਲ) ਬਾਜਾਰ ਹੀ ਸਭ ਤੋਂ ਵੱਧ ਰੋਜਗਾਰ ਅਤੇ ਟੈਕਸ ਦੇਣ ਵਾਲਾ ਖੇਤਰ ਹੈ ਜਿਸਨੂੰ ਅਜਿਹੇ ਮੌਕੇ ਨਜ਼ਰਅੰਦਾਜ ਕਰਨਾ ਚੰਗੀ ਗੱਲ ਨਹੀਂ। ਉਨਾਂ ਆਖਿਆ ਕਿ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਦੁਕਾਨਾਂ ਚਲਾ ਰਹੇ ਛੋਟੇ ਦੁਕਾਨਦਾਰਾਂ ਦੀ ਮੱਦਦ ਕਰਨ ਦੇ ਨਾਲ ਹੀ ਦੇਸ਼ ਦੀ ਅਰਥ ਵਿਵਸਥਾ ਲੀਹਾਂ ਤੇ ਆ ਸਕਦੀ ਹੈ। ਨੀਲ ਗਰਗ ਨੇ ਕਿਹਾ ਕਿ ਛੋਟੇ ਦੁਕਾਨਦਾਰ ਗ਼ਰੀਬ ਲੋਕਾਂ ਨੂੰ ਉਧਾਰ ਦਿੱਤੇ ਹੋਏ ਸਾਮਾਨ ਦੀ ਉਗਰਾਹੀ ਵੀ ਨਹੀਂ ਕਰ ਪਾ ਰਹੇ ਹਨ ਅਤੇ ਆਪਣੀ ਇਜ਼ਤ ਬਚਾਉਣ ਲਈ ਥੋਕ ਵਪਾਰੀਆਂ ਤੋਂ ਖ਼ਰੀਦੇ ਹੋਏ ਮਾਲ ਦੀ ਅਦਾਇਗੀ ਕਰਨ ਦੇ ਭਾਰੀ ਦਬਾਅ ਹੇਠ ਹਨ ਅਤੇ ਉਨਾਂ ਨੂੰ ਲੌਕਡਾੳੂਨ ਖੁੱਲਣ ਤੋਂ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੀਲ ਗਰਗ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਗੈਰਸੰਗਠਿਤ (ਅਨ-ਰਜਿਸਟਰਡ) ਦੁਕਾਨਦਾਰਾਂ ਨੂੰ ਮੁਸ਼ਕਿਲ ਦੀ ਘੜੀ ਵਿਚੋਂ ਕਢਣ ਲਈ ਬਿਨਾਂ ਵਿਆਜ ਤੋਂ ਮਹੀਨਾਵਾਰ ਕਿਸ਼ਤ ਉੱਤੇ ਘਟੋ ਘਟ 5 ਲੱਖ ਰੁਪਏ ਤੱਕ ਦਾ ਲੋਨ 3 ਸਾਲਾਂ ਲਈ ਦਿੱਤਾ ਜਾਵੇ। ਨੀਲ ਗਰਗ ਨੇ ਕਿਹਾ ਕਿ ਜੇਕਰ ਅਜਿਹੇ ਛੋਟੇ ਦੁਕਾਨਦਾਰਾਂ ਵੱਲੋਂ ਪਹਿਲਾਂ ਤੋਂ ਹੀ ਕੋਈ ਲੋਨ ਲਿਆ ਹੋਇਆ ਹੈ ਤਾਂ ਉਸ ਨੂੰ ਇਕ ਸਾਲ ਲਈ ਲਈ ਵਿਆਜ ਮੁਕਤ ਕਰ ਦਿੱਤਾ ਜਾਵੇ ਤਾਂ ਇਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰ ਵਿਚ ਕਾਫ਼ੀ ਆਸਾਨੀ ਹੋ ਜਾਵੇਗੀ।