ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਬਿਹਤਰ ਆਰਥਿਕ ਪ੍ਰਬੰਧਨ ਰਾਹੀਂ ਕੋਵਿਡ 19 ਸੰਕਟ ਕਾਰਨ ਆਈ ਮੰਦੀ ਵਿਚੋਂ ਸਫਲਤਾ ਨਾਲ ਬਾਹਰ ਨਿਕਲਣ ਵਿਚ ਕਾਮਯਾਬ ਹੋਵੇਗਾ ਅਤੇ ਸੁਚੱਜੇ ਪ੍ਰਬੰਧਨ ਰਾਹੀਂ ਪੰਜਾਬ ਰਾਜ ਦੂਜਿਆਂ ਸੂਬਿਆਂ ਲਈ ਚਾਣਨ ਮੁਨਾਰਾ ਸਾਬਤ ਹੋਵੇਗਾ।
ਅੱਜ ਬਠਿੰਡਾ ਸ਼ਹਿਰ ਦੇ ਬਜਾਰਾਂ ਅਤੇ ਮੁਹੱਲਿਆਂ ਵਿਚ ਲੋਕਾਂ ਨਾਲ ਮਿਲ ਕੇ ਸੂਬੇ ਦੇ ਅਰਥਚਾਰੇ ਸਬੰਧੀ ਉਨਾਂ ਦੇ ਸੁਝਾਅ ਲੈਣ ਅਤੇ ਉਨਾਂ ਦੀਆਂ ਮੁਸ਼ਕਿਲਾਂ ਸੁਣਨ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਕਣਕ, ਆਲੂ ਅਤੇ ਕਿੰਨੂੰ ਦੇ ਮੰਡੀਕਰਨ ਤੋਂ ਦਿਹਾਤੀ ਪੰਜਾਬ ਵਿਚ 32000 ਕਰੋੜ ਰੁਪਏ ਪਹੁੰਚੇ ਹਨ ਅਤੇ ਇਹ ਰਕਮ ਜਦ ਆਉਣ ਵਾਲੇ 4-5 ਮਹੀਨਿਆਂ ਵਿਚ ਲੋਕਾਂ ਵੱਲੋਂ ਖਰਚੀ ਜਾਵੇਗੀ ਤਾਂ ਬਜਾਰ ਅਤੇ ਸੂਬੇ ਦਾ ਸਮੁੱਚਾ ਅਰਥਚਾਰਾ ਮੰਦੀ ਵਿਚੋਂ ਨਿਕਲ ਆਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਲੋਕ ਹਿੱਤ ਦੀਆਂ ਨੀਤੀਆਂ ਚੰਡੀਗੜ ਜਾਂ ਦਿੱਲੀ ਬੈਠ ਕੇ ਨਹੀਂ ਬਣਾਈਆਂ ਜਾ ਸਕਦੀਆਂ ਹਨ। ਇਸ ਲਈ ਉਹ ਖੁਦ ਲਗਾਤਾਰ ਲੋਕਾਂ ਨੂੰ ਮਿਲ ਕੇ ਉਨਾਂ ਦੇ ਸੁਝਾਅ ਲੈ ਰਹੇ ਹਨ ਤਾਂ ਜ਼ੋ ਲੋਕ ਇੱਛਾਵਾਂ ਅਨੁਸਾਰ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿਚ ਆਪਣੀਆਂ ਨੀਤੀਆਂ ਬਣਾ ਸਕੇ ਅਤੇ ਕੋਵਿਡ 19 ਕਾਰਨ ਪੈਦਾ ਹੋਏ ਸੰਕਟ ਵਿਚੋਂ ਸਭ ਨੂੰ ਕੱਢਿਆ ਜਾ ਸਕੇ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਤੋਂ ਬਿਨਾਂ ਇਸ ਸਮੇਂ ਲੋਕਾਂ ਦੇ ਮਨਾਂ ਵਿਚੋਂ ਬਿਮਾਰੀ ਦਾ ਸਹਿਮ ਅਤੇ ਡਰ ਕੱਢਣਾ ਵੀ ਜਰੂਰੀ ਹੈ। ਉਨਾਂ ਨੇ ਕਿਹਾ ਕਿ ਲੋਕ ਇਸ ਮੁਸਕਿਲ ਵਿਚ ਆਪਣੇ ਆਪ ਨੂੰ ਇੱਕਲੇ ਨਾ ਸਮਝਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨਾਂ ਦੇ ਨਾਲ ਖੜੀ ਹੈ। ਉਨਾਂ ਨੇ ਕਿਹਾ ਕਿ ਇਸੇ ਉਦੇਸ਼ ਤਹਿਤ ਰਾਜ ਸਰਕਾਰ ਨੇ ਮਿਸ਼ਨ ਫਤਿਹ ਲਾਂਚ ਕੀਤਾ ਹੈ ਤਾਂ ਕਿ ਜਨ ਸਧਾਰਨ ਦੇ ਮਨ ਵਿਚ ਇਸ ਬਿਮਾਰੀ ਦੇ ਨਾਲ ਲੜਨ ਦਾ ਜਜਬਾ ਪੈਦਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਇਸ ਬਿਮਾਰੀ ਨੂੰ ਦੂਰ ਰੱਖਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਸ ਦੌਰਾਨ ਵਿੱਤ ਮੰਤਰੀ ਨੇ ਅੱਜ ਆਰੀਆ ਸਮਾਜ ਚੌਕ ਤੋਂ ਕਿਲਾ ਮੁਬਾਰਕ ਮਾਰਕਿਟ ਤੱਕ ਬਜਾਰ ਦਾ ਅਤੇ ਇਸ ਤੋਂ ਬਿਨਾਂ ਸ਼ਕਤੀ ਨਗਰ, ਟੈਗੋਰ ਨਗਰ, ਪੰਚਵਟੀ ਨਗਰ ਆਦਿ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਮਿਲ ਕੇ ਉਨਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ, ਮੋਹਨ ਲਾਲ ਝੁੰਬਾ, ਰਾਜਨ ਗਰਗ, ਰਾਜੂ ਭੱਠੇਵਾਲਾ, ਰਾਜ ਨੰਬਰਦਾਰ ਅਤੇ ਯੂਥ ਪ੍ਰਧਾਨ ਕਾਂਗਰਸ ਬਲਜੀਤ ਸਿੰਘ ਹਾਜ਼ਰ ਸਨ।