ਰਾਜਵੰਤ ਸਿੰਘ
- ਪੈਟਰੋਲ ਵਾਧਾ, ਸਿਹਤ ਤੰਦਰੁਸਤੀ ਤੇ ਵਿੱਤੀ ਨੁਕਸਾਨ ਕਰਕੇ ਲੋਕਾਂ ਨੇ ਸਾਇਕਲਾਂ ਨੂੰ ਦਿੱਤੀ ਤਰਜ਼ੀਹ
- ਸਭ ਤੋਂ ਜ਼ਿਆਦਾ ਸਪੋਰਟਸ ਸਾਈਕਲਾਂ ਪ੍ਰਤੀ ਲੋਕਾਂ ਦਾ ਵਧਿਆ ਰੁਝਾਨ, ਆਮ ਸਾਇਕਲ ਵੀ ਤੇਜ਼ੀ ਨਾਲ ਵਿਕੇ
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ 2020 - ਕੋਵਿਡ-19 ਕਰਕੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਲਾਕਡਾਊਨ ਅਤੇ ਬਾਅਦ ਵਿੱਚ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਦੇ ਚਲਦਿਆਂ ਲਾਕਡਾਊਨ ਕਾਲ ਦੌਰਾਨ ਲੋਕਾਂ ਅੰਦਰ ਸਾਈਕਲਾਂ ਪ੍ਰਤੀ ਭਾਰੀ ਦਿਲਚਸਪੀ ਦੇਖੀ ਗਈ ਹੈ। ਮਾਰਚ ਤੋਂ ਜੁਲਾਈ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ 'ਚ ਵੀ ਸਾਇਕਲਾਂ ਦੀ ਵਿਕਰੀ ਤਿੰਨ ਗੁਣਾ ਤੱਕ ਵੱਧ ਹੋਈ ਹੈ। ਸਭ ਤੋਂ ਜ਼ਿਆਦਾ ਸਪੋਰਟਸ ਸਾਈਕਲਾਂ ਦੀ ਖ਼ਰੀਦਦਾਰੀ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਹੈ, ਜਦੋਂਕਿ ਆਮ ਸਾਇਕਲਾਂ ਦੀ ਮੰਗ ਵੀ ਕਾਫ਼ੀ ਵਧੀ ਹੈ।
ਸ਼ਹਿਰ ਦੇ ਇੱਕ ਸਾਈਕਲ ਵਿਕਰੇਤਾ ਨੇ ਦੱਸਿਆ ਕਿ ਲਾਕਡਾਊਨ ਸਮੇਂ ਦੌਰਾਨ ਲੋਕਾਂ ਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ ਤੇ ਉਪਰੋਂ ਤੇਲ ਕੀਮਤਾਂ ਦੇ ਵਧਣ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਆਈਆਂ ਹਨ, ਇਸ ਕਰਕੇ ਅਜਿਹੇ ਸਮੇਂ ਦੌਰਾਨ ਵੀ ਆਪਣੀ ਰੋਜ਼ੀ ਰੋਟੀ ਲਈ ਘਰੋਂ ਨਿਕਲਣ ਵਾਲਿਆਂ ਨੇ ਕੰਮਾਂਕਾਰਾਂ ਲਈ ਸਾਈਕਲ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੱਚਿਆਂ ਵਿੱਚ ਸਪੋਰਟਸ ਸਾਇਕਲ ਦੀ ਵਧੇਰੇ ਮੰਗ ਹੈ, ਜਿੰਨ੍ਹਾਂ ਵਿੱਚੋਂ ਪਿੰਡਾਂ ਤੇ ਸ਼ਹਿਰ ਦੇ ਲੋਕ ਬਰਾਬਰ ਮਾਤਰਾ ਵਿੱਚ ਸਾਈਕਲਾਂ ਦੀ ਖ਼ਰੀਦ ਕਰ ਰਹੇ ਹਨ। ਵਰਣਨਯੋਗ ਹੈ ਕਿ ਕੋਰੋਨਾ ਦੇ ਕਰਕੇ ਵੱਖ-ਵੱਖ ਸੰਸਥਾਵਾਂ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਸਿਹਤ ਤੰਦਰੁਸਤੀ ਲਈ ਚੰਗੇ ਪੋਸ਼ਟਿਕ ਆਹਾਰ ਖ਼ਾਣ ਤੇ ਸਾਈਕਲ ਚਲਾਉਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਜਿਸਦੇ ਨਤੀਜੇ ਵਜੋਂ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਮਹਿੰਗੀਆਂ ਗੱਡੀਆਂ, ਟੂ ਵੀਲ੍ਹਰ ਸਾਧਨਾਂ ਤੋਂ ਪਾਸੇ ਹੁੰਦੇ ਹੋਏ ਸਾਇਕਲਾਂ ਨੂੰ ਵਰਤਣਾ ਉਚਿਤ ਸਮਝਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਸਾਈਕਲਾਂ ਦੀ ਮੰਗ ਸੀਮਤ ਹੀ ਸੀ, ਪਰ ਜਿਵੇਂ ਹੀ ਲਾਕਡਾਊਨ ਤੇ ਤੇਲ ਕੀਮਤਾਂ 'ਚ ਵਾਧਾ ਹੋਇਆ ਹੈ, ਲੋਕਾਂ ਅੰਦਰ ਸਾਈਕਲਾਂ ਦੀ ਮੰਗ ਵੱਧਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਗੁਣਾ ਸਾਈਕਲਾਂ ਦੀ ਵਿਕਰੀ ਇਸ ਸਮੇਂ ਖੇਤਰ ਵਿੱਚ ਹੋ ਰਹੀ ਹੈ।
ਬਾਕਸ
ਵਧੀਆਂ ਤੇਲ ਕੀਮਤਾਂ ਤੇ ਵਿੱਤੀ ਘਾਟਾ ਵੀ ਹੈ ਮੁੱਖ ਕਾਰਨ
ਹਰ ਵਾਰ ਵੱਧਦੀਆਂ ਤੇਲ ਕੀਮਤਾਂ ਕਰਕੇ ਲੋਕਾਂ 'ਤੇ ਵਿੱਤੀ ਬੋਝ ਪੈਂਦਾ ਤਾਂ ਸੁਣਿਆ ਜਾਂਦਾ ਹੈ, ਪਰ ਇਸ ਵਾਰ ਤੇਲ ਕੀਮਤਾਂ 'ਚ ਵਾਧੇ ਤੋਂ ਪਹਿਲਾਂ ਹੀ ਲਾਕਡਾਊਨ ਨੇ ਲੋਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਲੋਕਾਂ ਦਾ ਵਿੱਤੀ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ ਤੇ ਲੋਕ ਰੋਜ਼ੀ ਰੋਟੀ ਲਈ ਮਹੁਥਾਜ਼ ਹੋਏ ਸਨ। ਇਸੇ ਸਮੇਂ ਵਿਚਕਾਰ ਆਪਣੇ ਕੰਮ, ਧੰਦਿਆਂ 'ਤੇ ਜਾਣ ਵਾਲੇ ਜ਼ਿਆਦਾਤਰ ਲੋਕ ਮੋਟਰਸਾਈਕਲਾਂ ਜਾਂ ਕਾਰਾਂ ਦਾ ਪ੍ਰਯੋਗ ਕਰਦੇ ਸਨ, ਪਰ ਜਿਵੇਂ ਹੀ ਲਾਕਡਾਊਨ ਤੋਂ ਬਾਅਦ ਤੇਲ ਕੀਮਤਾਂ ਵਿੱਚ ਵਾਧਾ ਹੋਇਆ, ਲੋਕਾਂ ਨੇ ਸਾਇਕਲਾਂ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਲਾਕਡਾਊਨ ਕਰਕੇ ਵਪਾਰਕ ਅਦਾਰੇ ਬੰਦ ਹੋਣ ਕਰਕੇ ਲੋਕਾਂ ਦਾ ਨੁਕਸਾਨ ਇਸ ਕਦਰ ਹੋਇਆ ਹੈ ਕਿ ਆਉਣ ਵਾਲੇ ਕਰੀਬ ਇੱਕ ਸਾਲ ਤੱਕ ਲੋਕਾਂ ਦੇ ਨੁਕਸਾਨ ਦੀ ਭਰਪਾਈ ਮੁਮਕਿਨ ਨਹੀਂ ਜਾਪਦੀ, ਅਜਿਹੇ ਵਿੱਚ ਆਪਣੇ ਗੁਜ਼ਾਰੇ ਲਈ ਘਰੋਂ ਨਿਕਲਣ ਵਾਲੇ ਲੋਕ ਜ਼ਿਆਦਾਤਰ ਸਾਈਕਲਾਂ 'ਤੇ ਨਜ਼ਰ ਆਉਣ ਲੱਗੇ ਹਨ, ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਸਾਈਕਲ ਚਲਾਉਣ ਵਿੱਚ ਕਿਸੇ ਤਰ੍ਹਾਂ ਦਾ ਖ਼ਰਚਾ ਨਹੀਂ ਹੁੰਦਾ ਤੇ ਸਿਹਤ ਵੀ ਬਣੀ ਰਹਿੰਦੀ ਹੈ।