ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਸਜਾਵਟੀ ਫੁੱਲਾਂ ਦਾ ਰਾਜ ਪੱਧਰੀ ਮੁਕਾਬਲਾ ਕਰਵਾਇਆ
ਲੁਧਿਆਣਾ 9 ਮਈ , 2024 - ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਕਿੱਲ ਡਿਵੈਲਪਮੈਂਟ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਹੁਨਰ ਮੁਕਾਬਲਾ 2024 ਤਹਿਤ ਫਲੋਰਿਸਟਰੀ ਸਕਿੱਲ ਦਾ ਰਾਜ ਪੱਧਰੀ ਮੁਕਾਬਲਾ ਕਰਵਾਇਆ ਗਿਆ|ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਤੀਯੋਗੀਆਂ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿਖਿਆਰਥੀ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਅੱਜ ਤੁਹਾਡੀ ਰਾਜ-ਪੱਧਰੀ ਪਹਿਚਾਣ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਸਕੇ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਰਾਜ ਵਿੱਚੋਂ ਚੁਣੇ ਗਏ 12 ਪ੍ਰਤੀਯੋਗੀਆਂ ਨੇ ਭਾਗ ਲਿਆ| ਉਹਨਾਂ ਦੱਸਿਆ ਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਇੱਕ ਫਖਰ ਵਾਲੀ ਗੱਲ ਹੈ ਕਿ ਇਸ ਰਾਜ ਪੱਧਰੀ ਹੁਨਰ ਮੁਕਾਬਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 10 ਸਿਖਿਆਰਥੀ ਚੁਣੇ ਗਏ| ਅਜਿਹੇ ਮੁਕਾਬਲੇ ਪ੍ਰਤੀਯੋਗੀਆਂ ਦੇ ਅਤੇ ਹੋਰਨਾਂ ਸਿਖਿਆਰਥੀਆਂ ਦੇ ਨਾ-ਸਿਰਫ ਹੁਨਰ ਵਿੱਚ ਵਾਧਾ ਕਰਨ ਲਈ ਸਹਾਇਕ ਹੁੰਦੇ ਹਨ, ਸਗੋਂ ਅਜਿਹੇ ਮੁਕਾਬਲਿਆਂ ਨਾਲ ਇੱਕ ਪ੍ਰਤੀਯੋਗੀ/ਸਿਖਿਆਰਥੀ ਦੇ ਮਨੋਬਲ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ| ਇਸ ਮੌਕੇ ਡਾ. ਜਸਵਿੰਦਰ ਕੌਰ ਬਰਾੜ, ਐਸੋਸੀਏਟ ਡਾਇਰੈਕਟਰ (ਕਲਚਰ), ਡਾ ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਅਤੇ ਡਾ. ਸਿਮਰਤ ਸਿੰਘ, ਸਾਇੰਸਦਾਨ (ਫਲੋਰੀਕਲਚਰ ਅਤੇ ਲੈਂਡਸਕੇਪਿੰਗ) ਨੇ ਬਤੌਰ ਜੱਜ ਵਜੋਂ ਆਪਣੀ ਭੁਮਿਕਾ ਨਿਭਾਈ| ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਪ੍ਰਤੀਯੋਗੀਆਂ ਨੇ ਸਜਾਵਟੀ ਫੁੱਲਾਂ ਦਾ ਵੱਡੇ ਅਤੇ ਛੋਟੇ ਗੁਲਦਸਤਾ ਤਿਆਰ ਕੀਤੇ ਅਤੇ ਸਜਾਵਟੀ ਫੁੱਲਾਂ ਦੇ ਗਹਿਣੇ ਤਿਆਰ ਕੀਤੇ| ਇਸ ਦੌਰਾਨ ਪਹਿਲਾ ਸਥਾਨ ਅਨੰਨਿਆ ਠਾਕੁਰ (ਬੀ.ਐਸ.ਸੀ ਹਾਰਟੀਕਲਚਰ), ਦੂਜਾ ਸਥਾਨ ਮੁਹੰਮਦ ਸਾਵਿਕ (ਬੀ.ਐਸ.ਸੀ ਹਾਰਟੀਕਲਚਰ) ਅਤੇ ਤੀਜਾ ਸਥਾਨ ਗਗਨਦੀਪ ਕੌਰ (ਬੀ.ਐਸ.ਸੀ ਹਾਰਟੀਕਲਚਰ) ਨੇ ਹਾਸਿਲ ਕੀਤਾ| ਇਸ ਮੁਕਾਬਲੇ ਦੇ ਆਯੋਜਨ ਕਰਨ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਅਤੇ ਸ਼੍ਰੀਮਤੀ ਕੁਲਦੀਪ ਕੌਰ ਨੇ ਆਪਣੀ ਭੁਮਿਕਾ ਬਖੂਬੀ ਨਿਭਾਈ| ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਆਏ ਹੋਏ ਮੁੱਖ ਮਹਿਮਾਨ, ਜੱਜ ਸਾਹਿਬਾਨ ਅਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ|