ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਵਿਕੀਪੀਡੀਆ 'ਤੇ ਵਰਕਸ਼ਾਪ ਲਾਈ
ਪਟਿਆਲਾ, 10 ਨਵੰਬਰ 2018 : ਪਟਿਆਲਾ ਦੇ ਮਸ਼ਹੂਰ ਵਿਦਿਅਕ ਸੰਸਥਾ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਵਿਕੀਪੀਡੀਆ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੇ ਐਜੂਕੇਸ਼ਨ ਯੂਜ਼ਰ ਗਰੁੱਪ ਨਾਲ ਸਾਂਝੇਦਾਰੀ ਦੇ ਉਪਰਾਲੇ ਤਹਿਤ ਵਿਦਿਆਰਥੀਆਂ ਤੇ ਫੈਕਲਿਟੀ ਲਈ ਵਿਕੀਪੀਡੀਆ ਵਰਕਸ਼ਾਪ ਲਾਈ ਗਈ।
ਵਰਕਸ਼ਾਪ ਦੀ ਪ੍ਰਬੰਧਕ, ਰੂਪਿਕਾ ਸ਼ਰਮਾ ਨੇ ਦੱਸਿਆ ਕਿ ਇਹ ਇੱਕ ਰਚਨਾਤਮਕ ਸਾਂਝੇਦਾਰੀ ਦੀ ਸ਼ੁਰੂਆਤ ਹੈ ਜੋ ਕਿ ਵਿਦਿਅਕ ਸੰਸਥਾਨਾਂ ਦੇ ਵਿਕਾਸ ਵਿੱਚ ਗਿਆਨ ਦੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਉਨ੍ਹਾਂ ਕਾਲਜ ਦੇ ਪ੍ਰਿੰਸੀਪਲ, ਡਾ. ਖੁਸ਼ਵਿੰਦਰ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀ ਅਤੇ ਫੈਕਲਟੀ ਦੇ ਨਾਲ ਵਿਕੀਪੀਡੀਆ ਦੀ ਵਰਤੋਂ ਕਰਕੇ ਮੌਜੂਦਾ ਯਤਨਾਂ ਦੇ ਵਿਸਥਾਰ ਅਤੇ ਵਿਕੀਮੀਡੀਆ ਤੋਂ ਬਾਹਰ ਕੰਮ ਕਰਨ ਦੇ ਇੱਕ ਸਾਧਨ ਵਜੋਂ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਜੁੜਨ ਲਈ ਮੌਕਾ ਦਿੱਤਾ।
ਡਾ. ਖੁਸ਼ਵਿੰਦਰ ਕੁਮਾਰ ਨੇ ਵਿਕੀਪੀਡੀਆ ਵਰਕਸ਼ਾਪ ਲਾਉਣ ਦੇ ਉਪਰਾਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਦੇ ਰਾਹੀਂ ਹੋਰਨਾਂ ਸਭਿਆਚਾਰਾਂ, ਭਾਸ਼ਾਵਾਂ ਦੇ ਵਿਕਾਸ ਲਈ ਰਾਹ ਖੁੱਲ੍ਹਦਾ ਹੈ।
ਵਰਕਸ਼ਾਪ ਦੌਰਾਨ ਟੀਮ ਮੈਂਬਰਾਂ ਲਵਪ੍ਰੀਤ ਸਿੰਘ, ਹਰਪ੍ਰੀਤ ਕੌਰ, ਸਤਪਾਲ ਦੰਦੀਵਾਲ, ਗੌਰਵ ਝੰਮਟ, ਸਿਮਰਨਜੀਤ ਕੌਰ, ਜਗਵੀਰ ਕੌਰ, ਨਿਤੇਸ਼ ਅਤੇ ਗੁਰਲਾਲ ਮਾਨ ਨੇ ਇੰਸਟ੍ਰਕਟਰ ਦੇ ਤੌਰ 'ਤੇ ਸ਼ਮੂਲੀਅਤ ਕੀਤੀ।
ਵਰਕਸ਼ਾਪ ਦਾ ਦੂਜਾ ਹਿੱਸਾ ਵਿਕੀਪੀਡੀਆ ਦੀਆਂ ਨੀਤੀਆਂ ਅਤੇ ਵਿਕੀਪੀਡੀਆ ਦੇ ਸੰਪਾਦਨ ਦੇ ਨਿਯਮਾਂ ਦੀ ਵਿਉਂਤ 'ਤੇ ਆਧਾਰਿਤ ਸੀ ਅਤੇ ਵਿਦਿਅਕ ਤੌਰ 'ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਲਿਖਣ ਲਈ ਅਨੁਵਾਦ ਸਾਧਨਾਂ ਦੁਆਰਾ ਵਿਕੀਪੀਡੀਆ ਵਿੱਚ ਕਿਵੇਂ ਯੋਗਦਾਨ ਪਾਉਣਾ ਹੈ, ਸਿਖਾਇਆ ਗਿਆ।
ਵਿਕੀਪਡੀਆ ਵਰਕਸ਼ਾਪ ਵਿੱਚ ਲਗਪਗ 150 ਵਿਦਿਆਰਥੀ ਅਤੇ ਸਟਾਫ ਮੈਂਬਰਾਂ ਨੇ ਹਿੱਸਾ ਲਿਆ ਅਤੇ ਕਰੀਬ 57 ਵਿਦਿਆਰਥੀਆਂ ਨੇ ਵਿਕੀਪਡੀਆ ਦੇ ਖਾਤੇ ਬਣਾਏ ਅਤੇ ਹਾਕੀ ਵਿਸ਼ਵ ਕੱਪ 2018 ਅਤੇ ਵਿਕੀਪੀਡੀਆ ਏਸ਼ੀਅਨ ਮੰਥ ਐਡਿਟ-ਆ-ਥੋਨ ਸੰਬੰਧੀ 63 ਵਿਕੀਪੀਡੀਆ ਲੇਖਾਂ 'ਤੇ ਕੰਮ ਕੀਤਾ।
ਪ੍ਰੋਗਰਾਮ ਪ੍ਰਬੰਧਕ ਰੂਪਿਕਾ ਨੇ ਦੱਸਿਆ ਕਿ ਇੰਟਰਨੈਟ 'ਤੇ ਪੰਜਵੀਂ ਸਭ ਤੋਂ ਵੱਡੀ ਵੈਬਸਾਈਟਾਂ ਵਿੱਚੋਂ ਇੱਕ, ਵਿਕੀਪੀਡੀਆ ਇੱਕ ਮੁਫ਼ਤ ਗਿਆਨਕੋਸ਼ ਹੈ ਜਿੱਥੇ ਕੋਈ ਵੀ ਸਹੀ ਹਵਾਲੇ ਅਤੇ ਸੂਚਕਤਾ ਮਾਪਦੰਡ ਨੂੰ ਧਿਆਨ 'ਚ ਰੱਖਦੇ ਹੋਏ ਯੋਗਦਾਨ ਪਾ ਸਕਦਾ ਹੈ।