ਸਰਵ-ਭਾਰਤੀ ਸਾਇਕਲਿੰਗ ਟਰੈਕ ਇੰਟਰਵਰਸਿਟੀ ਚੈਂਪੀਅਨਸ਼ਿਪ ੨੦੧੮-੧੯ ਦੌਰਾਨ ਜੇਤੂ ਤਗਮਾ ਹਾਸਿਲ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀ।
ਚੰਡੀਗੜ੍ਹ 04 ਦਸੰਬਰ 2018: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਵੱਲੋਂ ਆਪਣਾ ਸਰਵਪੱਖੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸਰਵ-ਭਾਰਤੀ ਸਾਇਕਲਿੰਗ ਟਰੈਕ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ੨੦੧੮-੧੯ ਦੌਰਾਨ ਦੋ ਕਾਂਸੀ ਦੇ ਤਮਗੇ ਜਿੱਤ ਕੇ ਆਪਣੀ ਯੂਨੀਵਰਸਿਟੀ ਦੀ ਝੋਲੀ ਪਾਏ ਗਏ ਹਨ। 'ਵਰਸਿਟੀ ਦੇ ਤਿੰਨ ਵਿਦਿਆਰਥੀਆਂ ਲੁਧਿਆਣਾ ਦੇ ਹਰਜੀਤ ਸਿੰਘ ਪੰਨੂ, ਬਰਨਾਲਾ ਤੋੰ ਹਰਸਿਮਰਨਜੀਤ ਸਿੰਘ ਅਤੇ ਅਬੋਹਰ ਤੋਂ ਅਮਨਦੀਪ ਕੰਬੋਜ ਨੇ ਟੀਮ ਸਪਰਿੰਟ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਦੇ ਹੋਏ ਇਹ ਕਾਮਯਾਬੀ ਆਪਣੇ ਨਾਮ ਕੀਤੀ, ਜਦਕਿ ਖਿਡਾਰੀ ਹਰਜੀਤ ਸਿੰਘ ਵੱਲੋਂ ੩੦ ਕਿਮੀ ਪੁਆਇੰਟ ਰੇਸ ਮੁਕਾਬਲੇ ਵਿੱਚ ਕਾਂਸੀ ਦੇ ਤਮਗੇ ਉੱਪਰ ਆਪਣਾ ਨਾਮ ਲਿਖਿਆ ਗਿਆ।
ਟੀਮ ਦੇ ਕਪਤਾਨ ਹਰਜੀਤ ਸਿੰਘ ਨੇ ਪੂਰੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਦੇਸ਼ ਦੇ ਵੱਖ-ਵੱਖ ਕੋਨਿਆ ਤੋਂ ੨੬ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਉਹ ਇੱਕ ਸਾਂਝੇ ਮੁਕਾਬਲੇ ਟੀਮ ਸਪਰਿੰਟ ਵਿੱਚ ੧.੪੭ ਮਿੰਟ ਵਿੱਚ ਰੇਸ ਪੂਰੀ ਕਰਕੇ ਤੀਸਰੇ ਸਥਾਨ 'ਤੇ ਕਬਜਾ ਕਰਨ ਵਿੱਚ ਕਾਮਯਾਬ ਰਹੇ ਹਨ, ਜਿਸ ਵਿੱਚ ਤਿੰਨ ਸਾਇਕਲ ਚਾਲਕ ਵਾਰੋ-ਵਾਰ ਟਰੈਕ 'ਤੇ ਜੋਰ ਅਜਮਾਇਸ਼ ਵਿਖਾਉਂਦੇ ਹਨ। ਮੁਕਾਬਲੇ ਦੌਰਾਨ ੧.੪੫ ਮਿੰਟ ਵਿੱਚ ਰੇਸ ਪੂਰੀ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਸੋਨੇ ਦਾ ਜਦਕਿ ੧.੪੬ ਮਿੰਟ ਵਿੱਚ ਰੇਸ ਪੂਰੀ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ੨੧ ਟੀਮਾਂ ਨੂੰ ਉਹਨਾਂ ਵੱਲੋਂ ਪਛਾੜਿਆ ਗਿਆ। ਹਰਸਿਮਰਨਜੀਤ 'ਤੇ ਅਮਨਦੀਪ ਸੀਯੂ ਘੜੂੰਆਂ ਵਿਖੇ ਲੜੀਵਾਰ ਬੀਏ ਭਾਗ ਦੂਜਾ 'ਤੇ ਪਹਿਲਾ ਦੇ ਵਿਦਿਆਰਥੀ ਹਨ, ਹਰਜੀਤ ਖੁੱਦ ਬੀਪੀਐੱਡ ਦੇ ਪਹਿਲੇ ਸਾਲ ਦੀ ਪੜਾਈ ਕਰ ਰਿਹਾ ਹੈ।
ਆਪਣੇ ਵਿਅਕਤੀਗਤ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆ ਖਿਡਾਰੀ ਹਰਜੀਤ ਸਿੰਘ ਨੇ ਦੱਸਿਆ ਕਿ ੩੦ ਕਿਮੀ ਪੁਆਇੰਟ ਰੇਸ ਦੇ ਵਿਅਕਤੀਗਤ ਮੁਕਾਬਲੇ ਵਿੱਚ ਉਸ ਦੁਆਰਾ ੪੦ ਅੰਕ ਸਕੋਰ ਕਰਦਿਆਂ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਯੂਨੀਵਰਸਿਟੀ ਦੀ ਝੋਲੀ ਪਾਇਆ ਗਿਆ। ਇਸ ਮੁਕਾਬਲੇ ਵਿੱਚ ਐਮਜੀਐਸ ਯੂਨੀਵਰਸਿਟੀ ਬੀਕਾਨੇਰ, ਰਾਜਸਥਾਨ ਤੋਂ ਖਿਡਾਰੀ ਮਨੀਸ਼ ੫੧ ਅੰਕਾਂ ਨਾਲ ਸੋਨ ਤਮਗਾ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਹਿਲ ਸ਼ਰਮਾ ੪੭ ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ, ਜਦਕਿ ਕੁੱਲ ੧੪ ਖਿਡਾਰੀਆਂ ਨੂੰ ਉਸ ਵੱਲੋਂ ਪਛਾੜਿਆ ਗਿਆ। ਖਿਡਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੋਚ ਸਤਵਿੰਦਰ ਸਿੰਘ ਦੁਆਰਾ ਸਿਖਲਾਈ ਦੇ ਕੇ ਤਿਆਰ ਕੀਤਾ ਗਿਆ ਹੈ ਅਤੇ ਉਹ ਹੁਣ ਆਉਣ ਵਾਲੇ ਸੀਨੀਅਰ ਨੈਸ਼ਨਲ ਟੂਰਨਾਮੈਂਟ ਦੇ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ।