ਚੰਡੀਗੜ੍ਹ 07 ਦਸੰਬਰ 2018: ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਸਟੱਡੀ ਇੰਨ ਇੰਡੀਆ' ਅਤੇ 'ਗਿਆਨ' ਪ੍ਰੋਗਰਾਮਾਂ ਨੂੰ ਮਿਲੇ ਭਰਵੇਂ ਹੁੰਗਾਰੇ ਦਾ ਜ਼ਿਕਰ ਕਰਦਿਆਂ ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੇ ਸਿੱਖਿਆ ਮਹਿਕਮੇ ਦੇ ਵਧੀਕ ਸਲਾਹਕਾਰ ਡਾ. ਸੁਖਬੀਰ ਸਿੰਘ ਸੰਧੂ (ਆਈਏਐੱਸ) ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼ੁਰੂਆਤ ਵਿੱਚ ਭਾਵੇਂ ਪੜ੍ਹਨ ਲਈ ਪੁੱਜਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ ੮੦% ਤੱਕ ਭਾਰਤ ਵਿੱਚੋਂ ਹੀ ਗਏ ਐਨਆਰਆਈ ਪਰਿਵਾਰਾਂ ਨਾਲ ਸਬੰਧਿਤ ਸਨ ਜਦਕਿ ਹੁਣ ਉਹਨਾਂ ਵਿੱਚੋਂ ੫੦ ਫੀਸਦੀ ਤੱਕ ਦਾ ਵੱਡਾ ਹਿੱਸਾ ਮੂਲ ਰੂਪ ਵਿੱਚ ਅਸਲ ਵਿਦੇਸ਼ੀ ਪਰਿਵਾਰਾਂ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਸਾਲ ੨੦੨੦ ਤੱਕ ਦੇਸ਼ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ੨ ਲੱਖ ਤੱਕ, ਜਦਕਿ ਸਾਲ ੨੦੨੧ ਤੱਕ ੫ ਲੱਖ ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਉਹ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸ਼ੁਰੂ ਹੋਈ 'ਐਸੋਸੀਏਸ਼ਨ ਆੱਫ ਇੰਡੀਅਨ ਯੂਨੀਵਰਸਿਟੀਸ' (ਏਆਈਯੂ) ਵੱਲੋਂ ਕਰਵਾਈ ਗਈ ਉੱਤਰੀ ਭਾਰਤ ਦੇ ਵਾਈਸ ਚਾਂਸਲਰਾਂ ਦੀ ਮੀਟਿੰਗ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ, ਜਿਸ ਵਿੱਚ ਪੂਰੇ ਉੱਤਰੀ ਭਾਰਤ ਤੋਂ ੬੫ ਸਰਕਾਰੀ/ ਗੈਰ ਸਰਕਾਰੀ 'ਤੇ ਡੀਮਡ ਯੁਨੀਵਰਸਿਟੀਆਂ ਦੇ ਉੱਪ-ਕੁਲਪਤੀਆਂ ਨੇ ਲਿਆ ਹਿੱਸਾ।
ਆਈਏਐੱਸ ਸੰਧੂ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਦਿਲਚਸਪੀ ਅਤੇ ਸਮਰੱਥਾ ਮੁਤਾਬਿਕ ਪੜ੍ਹਾਈ ਕਰਨ ਦੀ ਖੁੱਲ ਮਿਲਣੀ ਚਾਹੀਦੀ ਹੈ ।ਸਿੱਖਿਆ ਸੰਸਥਾਵਾਂ ਨੂੰ ਉੱਚ ਰੈਂਕਿੰਗ ਪ੍ਰਾਪਤ ਕਰਨ ਦੀ ਹੋੜ ਵਿੱਚ ਆਪਣੀ ਵਿਲੱਖਣਤਾ ਨਹੀ ਗਵਾਉਣੀ ਚਾਹੀਦੀ, ਕਿਉਂਕਿ ਭੂਗੋਲਿਕ-ਸਮਾਜਿਕ ਸਥਿੱਤੀ 'ਤੇ ਸੱਭਿਆਚਾਰਕ ਵੱਖਰੇਵਿਆਂ ਦੇ ਚੱਲਦੇ ਵੱਖ-ਵੱਖ ਸੰਸਥਾਵਾਂ ਦੀ ਆਪਸ ਵਿੱਚ ਤੁਲਣਾ ਕਰਨਾ ਨਾ-ਗਵਾਰਾ ਹੈ। ਇਸਦੇ ਨਾਲ ਹੀ ਉਹਨਾਂ ਉਚੇਰੀ-ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ 'ਤੇ ਉੱਨਤੀ ਲਈ ਨਿੱਜੀ ਸਿੱਖਿਆ ਅਦਾਰਿਆਂ ਦੇ ਯੋਗਦਾਨ ਨੂੰ ਅਹਿਮ ਦੱਸਦਿਆਂ ਸੰਸਥਾਵਾਂ ਨੂੰ ਆਪਣੇ ਮਿਆਰ ਨੂੰ ਹੋਰ ਵੀ ਉੱਚਾ ਲੈਕੇ ਜਾਣ ਦੀ ਸਲਾਹ ਦਿੱਤੀ।
ਵਾਈਸ-ਚਾਂਸਲਰ ਮੀਟ ਦੇ ਸ਼ੁਰੂਆਤੀ ਸਮਾਗਮ ਵਿੱਚ ਏਆਈਯੂ ਦੇ ਪ੍ਰਧਾਨ 'ਤੇ ਐਸਆਰਐਮ ਇੰਸਟੀਚਿਊਟ ਆੱਫ ਸਾਇੰਸ ਐਂਡ ਤਕਨਾਲੌਜੀ ਦੇ ਵਾਈਸ ਚਾਂਸਲਰ ਡਾ. ਸੰਦੀਪ ਸੰਚੇਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਰਤਮਾਨ ਸਮੇਂ ਵਿੱਚ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ 'ਤੇ ਕਲਾ ਦੇ ਖੇਤਰ ਵਿੱਚ ਵੀ ਆਪਣੇ ਹੁਨਰ ਨੂੰ ਅਜ਼ਮਾਉਣ ਦਾ ਮੌਕਾ ਦੇਣਾ ਚਾਹੀਦਾ ਹੈ।ਏਆਈਯੂ ਵੱਲੋਂ ਇਨ੍ਹਾਂ ਵਿਸ਼ਿਆਂ ਨੂੰ ਧਿਆਨ ਰੱਖਦੇ ਹੋਏ ਆਪਣੀਆਂ ਮੀਟਿੰਗਾਂ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਭਾਰਤੀ ਯੂਨੀਵਰਸਿਟੀਆਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖਿੱਚਣ ਦੇ ਲਈ ਲਗਾਤਾਰ ਬਦਲਾਵ ਲਿਆਂਦੇ ਜਾ ਰਹੇ ਹਨ। ਇਸੇ ਮਕਸਦ ਲਈ ਸਾਲ ੨੦੧੨ ਵਿੱਚ ਇੰਜੀਨਿਅਰਿੰਗ ਕਾਲਜ ਵਿੱਚ ਦਾਖਲੇ ਲਈ ਕਰਵਾਈ ਜਾਂਦੀ ਪ੍ਰੀਖਿਆ 'ਜੇਈਈ' ਵਿੱਚ ਸੋਧਾਂ ਕੀਤੀਆਂ ਗਈਆਂ ਸਨ, ਜੋ ਸਾਲ ੨੦੧੩ ਤੋਂ ਲਾਗੂ ਹੋਈਆਂ। ਉਨ੍ਹਾਂ ਦੱਸਿਆਂ ਕਿ ਭਾਰਤੀ ਸਿੱਖਿਆ ਅਦਾਰਿਆਂ ਵੱਲੋਂ ਹੁਣ ਅਮਰੀਕੀ ਸਿੱਖਿਆ ਢਾਂਚੇ ਦੀ ਰੂਪ-ਰੇਖਾ ਵੀ ਅਪਣਾਈ ਜਾ ਰਹੀ ਹੈ।
ਉਹਨਾਂ ਤੋਂ ਪਹਿਲਾਂ ਬੋਲਦਿਆਂ ਏਆਈਯੂ ਦੇ ਜਨਰਲ ਸੈਕਟਰੀ ਪ੍ਰੋ. ਫੁਰਕਾਨ ਕਮਰ ਨੇ ਇਸ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਦੀ 'ਵਾਈਸ ਚਾਂਸਲਰ ਮੀਟ' ਬਾਰੇ ਜਾਣ ਪਹਿਚਾਣ ਕਰਵਾਉਂਦੇ ਹੋਏ ਕਿਹਾ ਕਿ ਇਸ ਦੋ ਦਿਨਾ ਕਾਨਫਰੈਂਸ ਦੌਰਾਨ ਭਾਰਤੀ ਯੂਨੀਵਰਸਿਟੀਆਂ ਦੇ ਸਿੱਖਿਆ-ਪ੍ਰਬੰਧ 'ਤੇ ਮਾਣਤਾ ਨੂੰ ਅੰਤਰ-ਰਾਸ਼ਟਰੀ ਮਿਆਰਾਂ ਦਾ ਬਣਾਉਣ ਸਬੰਧੀ ਚਰਚਾ ਕੀਤੀ ਜਾਵੇਗੀ। ਜਿਸ ਵਿੱਚ ਪੂਰੇ ਉੱਤਰੀ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆ ਦੇ ਉੱਪ-ਕੁਲਪਤੀ ਆਪੋ-ਆਪਣੀ ਗੱਲ੍ਹ ਰੱਖਣਗੇ 'ਤੇ ਵਿਚਾਰਣਗੇ। ਉਨਾਂ੍ਹ ਕਿਹਾ ਕਿ ਹਰ ਵਿਅਕਤੀ ਆਪਣੀ ਮੌਲਿਕਤਾ 'ਤੇ ਸੋਝੀ ਰੱਖਦਾ ਹੈ, ਜੇਕਰ ਉਨ੍ਹਾਂ ਵਿਚਾਰਾਂ ਨੂੰ ਇੱਕ ਤਰਤੀਬ ਦਿੰਦੇ ਹੋਏ ਨੋਜਵਾਨਾਂ ਨੂੰ ਮਿਲ ਕੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਬਹੁਤ ਪ੍ਰਕਾਰ ਦੀਆਂ ਨਵੀਆਂ ਖੋਜਾਂ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ।
ਇਸ ਉਪਰਾਂਤ ਕਾਨਫ੍ਰੈਂਸ ਵਿੱਚ ਸਬੰਧਿਤ ਵਿਸ਼ਿਆਂ ਨੂੰ ਲੈ ਕੇ ਮੌਜੂਦ ਸਾਰੇ ਵਾਈਸ ਚਾਂਸਲਰਾਂ ਦੀ ਪਹਿਲੀ ਤਕਨੀਕੀ ਗੋਸ਼ਟੀ ਹੋਈ, ਜਿਸਦੀ ਪ੍ਰਧਾਨਗੀ ਹਿਮਾਚਲ ਪ੍ਰਦੇਸ਼ ਟੈਕਨੀਕਲ ਯੂਨੀਵਰਸਿਟੀ ਦੇ ਉੱਪ-ਕੁਲਪਤੀ ਡਾ. ਐੱਸਪੀ ਬਾਂਸਲ 'ਤੇ ਨੈਸ਼ਨਲ ਲਾੱਅ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋ ਰਣਬੀਰ ਸਿੰਘ ਨੇ ਕੀਤੀ। ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉੱਪ-ਕੁਲਪਤੀ ਡਾ. ਆਰ ਐਸ ਬਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਕੁਲਪਤੀ ਸ ਸਤਨਾਮ ਸਿੰਘ ਸੰਧੂ ਦੁਆਰਾ ਮਾਣਯੋਗ ਸਖਸ਼ੀਅਤਾਂ ਨੂੰ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ।