ਆਸਟਰੇਲੀਆ ਦੀ ਯੂਨੀਵਰਸਿਟੀ ਦੇ ਨਾਲ ਅਕਾਦਮਿਕ ਸਮਝੌਤੇ ਦੇ ਕਾਗਜ਼ ਸਾਂਝੇ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ ਐੱਸ ਬਾਵਾ।
ਚੰਡੀਗੜ੍ਹ 'ਵਰਸਿਟੀ ਵੱਲੋਂ ਚਾਲੂ ਵਿਦਿਅਕ ਵਰ੍ਹੇ ਦੌਰਾਨ ੧੦੦੦ ਦੇ ਕਰੀਬ ਵਿਦਿਆਰਥੀਆਂ ਨੂੰ ਵਿਦੇਸ਼ 'ਚ ਪੜ੍ਹਨ ਲਈ ਭੇਜਣ ਦਾ ਟੀਚਾ ਮਿੱਥਿਆ ਗਿਆ
ਵਿਸ਼ਵ ਰੈਂਕਿੰਗ ਵਿੱਚ ਮੋਹਰੀ ਵਿਦੇਸ਼ੀ ਯੂਨੀਵਰਸਿਟੀਆਂ ਐਗਰੀਕਲਚਰਲ ਸਾਇੰਸਿਜ, ਇੰਟੈਗ੍ਰੇਟਡ ਮਾਰਕੀਟਿੰਗ, ਕਮਿਊਨੀਕੇਸ਼ਨ, ਨੈਨੋ ਟੈਕਨਾਲੌਜੀ, ਮਰੀਨ ਇੰਜੀਨਿਅਰਿੰਗ, ਬਰੌਡਕਾਸਟ ਮੀਡੀਆ ਅਤੇ ਜਰਨਿਲਿਜ਼ਮ ਖੇਤਰਾਂ 'ਚ ਵਿਦਿਆਰਥੀਆਂ ਦਾ ਕਰਨਗੀਆਂ ਮਾਰਗ ਦਰਸ਼ਨ
'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਸੁਰੱਖਿਅਤ ਅਤੇ ਕਫਾਇਤੀ ਢੰਗ ਦੀ ਪੇਸਕਸ਼
ਚੰਡੀਗੜ੍ਹ 05 ਜਨਵਰੀ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਕੌਮਾਂਤਰੀ ਸਿੱਖਿਆ ਦੇ ਬਿਹਤਰੀਨ ਅਵਸਰ ਮੁਹੱਈਆ ਕਰਵਾਉਣ ਲਈ ਸੰਸਾਰ ਦੇ ੨੨ ਦੇਸ਼ਾਂ ਦੀਆਂ ੨੨੦ ਸਿਰਮੌਰ ਯੂਨੀਵਰਸਿਟੀਆਂ ਦੇ ਨਾਲ ਅਕਾਦਮਿਕ ਗਠਜੋੜ ਕਾਇਮ ਕੀਤੇ ਗਏ ਹਨ, ਜਿਸ ਤਹਿਤ ਹੁਣ ਤੱਕ ੫੯੦ ਵਿਦਿਆਰਥੀ ਵੱਖ ਵੱਖ ਕੋਰਸਾਂ 'ਤੇ ਪ੍ਰੋਗਰਾਮਾਂ ਵਿੱਚ ਵਿਸ਼ਵ ਪੱਧਰੀ ਅਨੁਭਵ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲੇ ਸਬੰਧਿਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਿੱਖਿਆ ਮਾਡਲ 'ਚ ਵਿਸ਼ੇਸ਼ ਦਿਲਚਸਪੀ ਵਿਖਾਉਂਦੇ ਹੋਏ ਅਕਾਦਮਿਕ ਸਮਝੌਤਿਆਂ ਲਈ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਹਨ। ਆਸਟ੍ਰੇਲੀਆ, ਕਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਜਿਹੇ ਵਿਕਸਿਤ ਦੇਸ਼ਾਂ ਦੀਆਂ ਕਿਊਐੱਸ ਰੈਂਕ ਪ੍ਰਾਪਤ ਵਿਸ਼ਵ ਦੀਆਂ ਮੋਹਰੀ ਯੂਨੀਵਰਸਿਟੀਆਂ ਵੱਲੋਂ੍ਹ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਗਠਜੋੜ ਕਾਇਮ ਕੀਤੇ ਗਏ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਵਿਦਿਆਰਥੀ ਐਕਸਚੇਂਜ ਪਰੋਗ੍ਰਾਮ, ਸਮਰ ਟ੍ਰੇਨਿੰਗ, ਸਮੈਸਟਰ ਐਬਰੌਡ, ਵਿਦੇਸ਼ ਜਾ ਕੇ ਮਾਸਟਰ ਡਿਗਰੀ ਜਾਂ ਪੀਐੱਚਡੀ ਕਰਨੀ, ਜੁਆਇੰਟ ਵਰਕਸ਼ਾਪ-ਕਾਨਫ੍ਰੈਂਸ, ਸਾਂਝੇ ਖੋਜ ਕਾਰਜ 'ਤੇ ਪਬਲਿਕੇਸ਼ਨ ਆਦਿ ਦੀ ਸਹੂਲਤ ਮਿਲੇਗੀ, ਇਸ ਤਰ੍ਹਾਂ ਵਿਦਿਆਰਥੀ ਵਿਦੇਸ਼ ਜਾਕੇ ਉੱਚੇਰੀ ਸਿੱਖਿਆ ਹਾਸਿਲ ਕਰਨ ਦੇ ਸੁਪਨੇ ਨੂੰ ਪੂਰਾ ਕਰ ਸਕਣਗੇ।
ਯੂਨੀਵਰਸਿਟੀਆਂ ਨਾਲ ਹੋਏ ਸਮਝੌਤਿਆਂ ਬਾਰੇ ਤਫਸੀਲ ਵਿੱਚ ਜਾਣਕਾਰੀ ਦਿੰਦਿਆ ਅਧਿਕਾਰੀ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਯੂਨੀਵਰਸਿਟੀ ਆੱਫ ਸਨਸ਼ਾਇਨ ਕੋਸਟ, ਲਾ ਟਰੋਬ ਯੂਨੀਵਰਸਿਟੀ, ਕਰਟਿਨ ਯੂਨੀਵਰਸਿਟੀ 'ਤੇ ਯੂਨੀਵਰਸਿਟੀ ਆੱਫ ਨਿਊ ਕੈਸਲੇ; ਕਨੇਡਾ ਦੀ ਕੈਪ ਬਰੇਟਨ ਯੂਨੀਵਰਸਿਟੀ, ਨੋਵਾ ਸਕੋਸ਼ਿਆ ਯੂਨੀਵਰਸਿਟੀ, ਵੈਨਕੂਵਰ ਆਈਸਲੈਂਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਲੈਥਬ੍ਰਿਜ, ਲੇਕਹੈਡ ਯੂਨੀਵਰਸਿਟੀ ਓਂਟੇਰਿਓ, ਕਾਨਕੋਰਡਿਆ ਯੂਨੀਵਰਸਿਟੀ ਮੋਨਟ੍ਰੀਅਲ, 'ਤੇ ਯੂਨੀਵਰਸਿਟੀ ਆਫ਼ ਗੁਆਲਫ਼; ਇੰਗਲੈਂਡ ਦੀ ਨੌਟਿੰਘਮ ਟ੍ਰੈਟ ਯੂਨੀਵਰਸਿਟੀ, ਯੂਨੀਵਰਸਿਟੀ ਆੱਫ਼ ਈਸਟ ਲੰਡਨ, ਯੂਨੀਵਰਸਿਟੀ ਆੱਫ਼ ਪੋਰਟਸਮਾਉਥ ਯੂ. ਕੇ 'ਤੇ ਬ੍ਰੂਨਲ ਯੂਨੀਵਰਸਿਟੀ; ਯੂਐਸਏ ਦੀ ਯੂਨੀਵਰਸਿਟੀ ਆੱਫ ਨੌਰਥ ਕੈਰੋਲੀਨਾ ਗਰੀਨਸਬੋਰੋ, ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ, ਅਤੇ ਨਿਊਜ਼ੀਲੈਂਡ ਦੀ ਐਰਾ ਇੰਸਟੀਚਿਊਟ ਆੱਫ ਕੈਂਟਰਬਰੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਾਲ ਵਿਸ਼ੇਸ਼ ਅਕਾਦਮਿਕ ਗੱਠਜੋੜ ਸਥਾਪਤ ਕੀਤੇ ਗਏ ਹਨ। ਇਹਨਾਂ ਦੇ ਨਾਲ ਹੀ ਦੱਖਣੀ ਯੁਰਪ ਵਿੱਚ ਸਥਿੱਤ ਸਪੇਨ ਦੇਸ਼ ਦੀ ਨਵੀਆਂ ਬਣੀਆਂ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਵਿਸ਼ਵ ਦਾ ੭੮ਵਾਂ ਦਰਜਾ ਪ੍ਰਾਪਤ ਯੂਨੀਵਰਸਿਟੀ ਆੱਫ ਰੋਵਿਰਾ ਆਈ ਵਰਜਿਲੀ ਵਿੱਚ ੪੦ ਵਿਦਿਆਰਥੀ, ਪੱਛਮੀ ਯੁਰਪ ਵਿੱਚ ਸਥਿੱਤ ਬੈਲਜੀਅਮ ਦੇਸ਼ ਦੀ ੧੮੭੯ ਵਿੱਚ ਬਣੀ 'ਤੇ ੧੫ਵਾਂ ਰੈਂਕ ਪ੍ਰਾਪਤ ਹੋਵੈਸਟ ਯੂਨੀਵਰਸਿਟੀ ਵਿੱਚ ੪੦ ਵਿਦਿਆਰਥੀ ਅਤੇ ਪੂਰਬੀ ਏਸ਼ੀਆਈ ਦੇਸ਼ ਤਾਈਵਾਨ ਦੀ ਸਭ ਤੋਂ ਪੁਰਾਣੀ 'ਤੇ ਵਿਸ਼ਵ ਰੈਂਕਿੰਗ ਵਿੱਚ ੩੯੭ਵਾਂ ਸਥਾਨ ਰੱਖਣ ਵਾਲੀ ਨੈਸ਼ਨਲ ਸੈਂਟਰਲ ਯੂਨੀਵਰਸਿਟੀ ਵਿੱਚ ੩੦ ਵਿਦਿਆਰਥੀ ਉੱਚ ਸਿੱਖਿਆ ਲਈ ਦਾਖਲਾ ਲੈਣ ਵਿੱਚ ਕਾਮਯਾਬ ਰਹੇ ਹਨ, ਜਦਕਿ ਹੁਣ ਤੱਕ 'ਵਰਸਿਟੀ ਦੇ ਕੁੱਲ ੧੨੬ ਵਿਦਿਆਰਥੀ ਫਲੋਰੀਡਾ ਸਥਿੱਤ ਮਨੋਰੰਜਨ ਜਗਤ ਦੀ ਵਿਸ਼ਵ ਪ੍ਰਸਿੱਧ ਬਹੁ-ਕੌਮੀ ਕੰਪਨੀ ਡਿਜ਼ਨੀਲੈਂਡ ਵਿੱਚ ਪਲੇਸਮੈਂਟ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ।
ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਦੁਨੀਆਂ ਦੀ ਟਾੱਪ ੧੨੦੦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਅਰਕਨਸਾਸ ਸਟੇਟ ਯੂਨੀਵਰਸਿਟੀ ਅਮਰੀਕਾ ਨੇ ਉੱਤਰੀ ਭਾਰਤ ਦਾ ਆਪਣਾ ਪਹਿਲਾ ਖੇਤਰੀ ਕੌਂਸਲੇਟ ਦਫਤਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਥਾਪਿਤ ਕੀਤਾ ਹੈ, ਜਿਸ ਨਾਲ ਉੱਤਰੀ ਭਾਰਤ ਦੇ ਵਿਦਿਆਰਥੀਆਂ ਨੂੰ ਅਰਕਾਨਸਾਸ ਸਟੇਟ ਯੂਨੀਵਰਸਿਟੀ ਵਿਖੇ ਉੱਚੇਰੀ ਪੜ੍ਹਾਈ, ਰਿਸਰਚ, ਇੰਟਰਨਸ਼ਿਪ 'ਤੇ ਸਕਾਲਰਸ਼ਿਪ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਇੰਜੀਨੀਅਰਿੰਗ, ਹੋਟਲ ਮੈਨੇਜਮੈਂਟ, ਬਿਜਨਸ ਮੈਨੇਜਮੈਂਟ, ਲਾਅ, ਐਗਰੀਕਲਚਰਲ ਸਾਇੰਸਿਜ, ਬਾਈਓਟੈਕਨਾਲੌਜੀ, ਇੰਟੈਗ੍ਰੇਟਡ ਮਾਰਕੀਟਿੰਗ, ਨੈਨੋ ਟੈਕਨਾਲੌਜੀ, ਮਰੀਨ ਇੰਜੀਨਿਅਰਿੰਗ, ਐਨੀਮੇਸ਼ਨ, ਜਰਨਲਿਜ਼ਮ ਐਂਡ ਮਾਸ ਕੰਮਿਊਨੀਕੇਸ਼ਨ ਅਤੇ ਫਿਲਮ ਪ੍ਰੋਡਕਸ਼ਨ ਆਦਿ ਵਿਭੰਨ ਭਵਿੱਖਮੁੱਖੀ ਖੇਤਰਾਂ 'ਚ ਵਿਸ਼ੇਸ਼ ਮੁਹਾਰਤ ਹਾਸਲ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਕਾਇਮ ਹੋਏ ਗਠਜੋੜ ਸਕਦਾ 'ਵਰਸਿਟੀ ਦੇ ਵਿਦਿਆਰਥੀ ਵੱਲੋਂ ਕੀਤੇ ਜਾ ਰਹੇ ਖੋਜ 'ਤੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਵੇਲੇ ਵੱਖੋ ਵੱਖੋ ਇਕਰਾਰਨਾਮਿਆਂ ਤਹਿਤ ੧੦੦ ਤੋਂ ਵਧੇਰੇ ਵਿਦਿਆਰਥੀਆਂ ਨੂੰ ਵਿਦਿਆਰਥੀ ਐਕਸਚੇਂਜ ਪ੍ਰੋਗਰਾਮਾਂ ਤਹਿਤ ਅੰਤਰ ਰਾਸ਼ਟਰੀ ਸਕਾਲਰਸ਼ਿਪਾਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਨਾਲ ਹੀ ਵਿਦਿਆਰਥੀਆਂ ਨੂੰ ਵਿਸ਼ਵ ਦੀਆਂ ਅੱਵਲ ਦਰਜੇ ਦੀਆਂ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਨ 'ਤੇ ਪਲੇਸਮੈਂਟ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਦਾ ਹੈ, ਜਿਸ ਨਾਲ ਉਹ ਵਿਦੇਸ਼ੀ ਧਰਤੀ 'ਤੇ ਖੁੱਦ ਨੂੰ ਪੱਕੇ ਪੈਰੀਂ ਸਥਾਪਿਤ ਕਰ ਸਕਦੇ ਹਨ।
ਅਧਿਕਾਰੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਸਬੰਧ ਬਾਰੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਦਿਆਂ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵੱਲੋਂ ਮੌਜੂਦਾ ਸਮੇਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਮੁਹਾਰਤ ਦਵਾਉਣ ਲਈ ਲੋੜੀਂਦੀ ਆਈਲੈਟਸ ਟੈਸਟ ਦੀ ਟ੍ਰੇਨਿੰਗ, ਵੀਜ਼ਾ ਪ੍ਰਕਿਰਿਆ ਦੀਆਂ ਪੇਚੀਦਕੀਆਂ ਦੂਰ ਕਰਨ ਲਈ ਮੁਕੰਮਲ ਜਾਣਕਾਰੀ ਅਤੇ ਸਭ ਤੋਂ ਅਹਿਮ ਵਿਦਿਆਰਥੀ ਨੂੰ ਇੰਟਰਵਿਊ ਲਈ ਤਿਆਰ ਕਰਨ ਸਬੰਧੀ ਟ੍ਰੇਨਿੰਗ ਦੇਣਾ ਆਦਿ ਸ਼ਾਮਿਲ ਹੈ, ਇਸ ਤਰਾਂ੍ਹ ਇੱਕ ਵਿਦਿਆਰਥੀ ਇੱਥੇ ਆਕੇ ਪੂਰੀ ਤਰਾਂ੍ਹ ਵਿਦੇਸ਼ ਜਾਣ ਲਈ ਤਿਆਰ ਹੋ ਸਕਦਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸਿਰਮੌਰ ਕੋਮਾਂਤਰੀ ਮੌਕੇ ਮੁਹੱਈਆ ਕਰਵਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਰੁਜ਼ਗਾਰ ਹਾਸਿਲ ਕਰਨ ਦੇ ਕਾਬਿਲ ਬਣਾਉਣ ਲਈ ਭਾਈਵਾਲ ਕੌਮਾਂਤਰੀ ਸੰਸਥਾਵਾਂ ਨਾਲ ਅਦਾਨ-ਪ੍ਰਦਾਨ ਕਰਨ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਕੁਲਪਤੀ ਨੇ ਦੱਸਿਆ ਕਿ ਇਸ ਵਿਦਿਅਕ ਵਰ੍ਹੇ ਦੌਰਾਨ 'ਵਰਸਿਟੀ ਵੱਲੋਂ ੧੦੦੦ ਦੇ ਕਰੀਬ ਵਿਦਿਆਰਥੀਆਂ ਨੂੰ ਵਿਦੇਸ਼ 'ਚ ਪੜ੍ਹਨ ਲਈ ਭੇਜਣ ਦਾ ਟੀਚਾ ਮਿੱਥਿਆ ਗਿਆ ਹੈ, ਇਸ ਲਈ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਵਿੱਦਿਅਕ ਪ੍ਰਬੰਧਾਂ ਬਾਰੇ ਵਿਵਹਾਰਿਕ ਜਾਣਕਾਰੀ ਪ੍ਰਦਾਨ ਕਰਨ ਲਈ ਪੂਰੀ ਤਰਾਂ੍ਹ ਕਮਰ ਕੱਸੀ ਗਈ ਹੈ। ਇਸ ਮਨੋਰੱਥ ਨਾਲ ਕੌਮਾਂਤਰੀ ਮਾਮਲਿਆਂ ਦੇ ਸਬੰਧ 'ਚ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਮਾਹਿਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਦਿਅਕ ਵਰ੍ਹੇ ਦੌਰਾਨ ਦੁਨੀਆਂ ਦੇ ਵੱਖ ਵੱਖ ਮੁਲਕਾਂ ਨਾਲ ਸਬੰਧਤ ੫੦੦ ਦੇ ਕਰੀਬ ਵਿਦਿਆਰਥੀਆਂ ਵੱਲੋਂ ਦਾਖਲੇ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ ਚੋਣ ਕਰਨ ਨਾਲ ਚੰਡੀਗੜ੍ਹ 'ਵਰਸਿਟੀ ਵੱਲੋਂ ਕੀਤੇ ਜਾ ਰਹੇ ਕੋਮਾਂਤਰੀ ਵਿੱਦਿਆ ਦੇ ਯਤਨਾ ਨੂੰ ਹੋਰ ਬਲ ਮਿਲਿਆ ਹੈ।”