ਫਿਰੋਜ਼ਪੁਰ 19 ਜਨਵਰੀ (ਗੁਰਿੰਦਰ ਸਿੰਘ) ਪੰਜਾਬ ਸਰਕਾਰ ਦੁਆਰਾ ਸਥਾਪਿਤ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੱਤਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਡਾ. ਅਜੇ ਸ਼ਰਮਾ, ਉੱਪ-ਕੁਲਪਤੀ ਆਈਕੇਜੀ ਪੀਟੀਯੂ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਸ਼ਮ੍ਹਾਂ ਰੌਸ਼ਨ ਕਰਕੇ ਇਸ ਦਾ ਰਸਮੀ ਉਦਘਾਟਨ ਕੀਤਾ।ਇਸ ਦੌਰਾਨ 142 ਦੇ ਕਰੀਬ ਬੀ.ਟੈਕ, ਬੀਸੀਏ, ਐਮ.ਟੈਕ, ਐਮਸੀਏ ਅਤੇ ਪੀਐਚਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਸੰਸਥਾ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਕੈਂਪਸ ਦੀਆਂ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਨੂੰ ਹੁਨਰਮੰਦ ਹੋ ਕੇ ਸਵੈ-ਰੁਜ਼ਗਾਰ ਦਾ ਰਸਤਾ ਅਪਣਾ ਕੇ ਨੌਕਰੀਆਂ ਦੇਣ ਵਾਲੇ ਬਣਨਾ ਚਾਹੀਦਾ ਹੈ।ਇਸ ਤਰਾਂ ਉਹ ਸਨਅਤੀ ਵਿਕਾਸ ਕਰਕੇ ਦੇਸ਼ ਵਿਚੋਂ ਬੇ-ਰੁਜ਼ਗਾਰੀ ਨੂੰ ਖਤਮ ਕਰ ਸਕਦੇ ਹਨ।ਉਹਨਾਂ ਇਸ ਖੂਬਸੂਰਤ ਕੈਂਪਸ ਦੀ ਤਾਰੀਫ ਕਰਦੇ ਹੋਏ ਡਾਇਰੈਕਟਰ,ਫੈਕਲਟੀ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਦੀ ਮਿਹਨਤ ਸਦਕਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਨੇ ਪੂਰੀ ਦੁਨੀਆਂ ਵਿੱਚ ਨਾਮ ਕਮਾਇਆ ਹੈ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਖੇਤਰ ਆਪਣੀ ਯੋਗਤਾ ਅਤੇ ਹੁਨਰ ਦੀ ਵਰਤੋਂ ਇਸ ਤਰਾਂ ਕਰਨੀ ਚਾਹੀਦੀ ਹੈ ਕਿ ਦੇਸ਼ ਅਤੇ ਇਸ ਸੰਸਥਾ ਦਾ ਮਾਣ ਵਧੇ।ਡਿਗਰੀ ਵੰਡ ਸਮਾਰੋਹ ਉਪਰੰਤ ਅਲੂਮਨੀ ਮੀਟ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ,ਰਜਿਸਟਰਾਰ, ਜੇ. ਕੇ. ਅਗਰਵਾਲ, ਡੀਨ ਅਕਾਦਮਿਕ ਡਾ. ਮਨਜਿੰਦਰ ਸਿੰਘ, ਸਮੂਹ ਵਿਭਾਗੀ ਮੁਖੀ, ਫੈਕਲਟੀ ਅਤੇ ਸਟਾਫ ਹਾਜ਼ਰ ਸਨ।ਅੰਤ ਵਿੱਚ ਮੁੱਖ ਮਹਿਮਾਨ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।ਇਸ ਦੌਰਾਨ ਸਟੇਜ ਸੰਚਾਲਨ ਡਾ. ਅਮਿਤ ਅਰੋੜਾ ਨੇ ਬਾ-ਖੂਬੀ ਕੀਤਾ।