ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰੰਧ ਵਿਚ ਉਲੀਕੇ ਗਏ ਸਮਾਗਮਾਂ ਦੀ ਲੜੀ ਅਧੀਨ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਸੀਨੀਅਰ ਵਰਗ ਦੇ ਗਰੁੱਪ ਅਤੇ ਵਿਅਕਤੀਗਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਡਾ. ਗੁਰਨਾਮ ਸਿੰਘ ਦੀ ਅਗਵਾਈ ਵਿੱਚ ਗੁਰਮਤਿ ਸੰਗੀਤ ਵਿਭਾਗ ਪਿਛਲੇ ਡੇਢ ਦਹਾਕੇ ਤੋਂ ਵਿਸ਼ਵਭਰ ਵਿਚ ਸ੍ਰੀ ਗੁਰੂ ਗ੍ਰੰੰਥ ਸਾਹਿਬ ਦੇ ਨਿਰਧਾਰਤ ਰਾਗਾਂ ਦੇ ਗਾਇਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਬਾਣੀ ਗਾਇਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਦੇ ਵੱਖ ਵੱਖ ਭਾਗਾਂ ‘ਚੋਂ ਸ਼ਬਦ ਗਾਇਨ ਟੀਮਾਂ ਦੇ 200 ਤੋਂ ਵੱਧ ਪ੍ਰਤਿਯੋਗੀਆਂ ਨੇ ਭਾਗ ਲਿਆ। ਗੁਰਮਤਿ ਸੰਗੀਤ ਵਿਭਾਗ, ਯੂਨੀਵਰਸਿਟੀ ਕਾਲਜ ਘਨੌਰ ਦੀ ਟੀਮ ਦੇ ਵਿਦਿਆਰਥੀਆਂ ਨੇ ਇਸ ਓਪਨ ਪ੍ਰਤਿਯੋਗਤਾ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ।
ਟੀਮ ਦੀ ਜਿੱਤ 'ਤੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਅਣਥਕ ਮਿਹਨਤ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਕਿ ਘਨੌਰ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਅਤੇ ਹੋਰ ਅਦਾਰਿਆਂ ਵਿਚ ਪੜ੍ਹ ਰਹੇ ਐਮ.ਏ. ਦੇ ਵਿਦਿਆਰਥੀਆਂ ਨਾਲ ਪ੍ਰਤਿਯੋਗਤਾ ਕਰਦੇ ਹੋਏ ਇਹ ਮਾਣ ਲੈ ਕੇ ਆਏ ਹਨ। ਉਨਾਂ ਦੱਸਿਆ ਕਿ ਇਹ ਪ੍ਰਤਿਯੋਗਤਾ ਓਪਨ ਸੀ ਅਤੇ ਸਥਾਪਤ ਕੀਰਤਨੀਆਂ ਨੇ ਵੀ ਇਸ ਪ੍ਰਤੀਯੋਗਤਾ ਵਿਚ ਭਾਗ ਲਿਆ ਫੇਰ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਸਿਲਵਰ ਮੈਡਲ ਪ੍ਰਾਪਤ ਹੋਇਆ ਹੈ। ਇਸ ਮੌਕੇ ‘ਤੇ ਪ੍ਰੋ. ਅਰਸ਼ਪ੍ਰੀਤ ਸਿੰਘ, ਗੁਰਮਤਿ ਸੰਗੀਤ ਵਿਭਾਗ ਯੂਨੀਵਰਸਿਟੀ ਕਾਲਜ ਘਨੌਰ ਨੇ ਦੱਸਿਆ ਕਿ ਉਹ ਗੁਰਮਤਿ ਸੰਗੀਤ ਨੂੰ ਗੁਰੂ ਦੀ ਦਾਤ ਵਜੋਂ ਵਿਦਿਆਰਥੀਆਂ ਤੱਕ ਪਹੁੰਚਾ ਰਹੇ ਹਨ ਅਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਅਤੇ ਸਟਾਫ ਦੇ ਭਰਪੂਰ ਯੋਗਦਾਨ ਸਦਕਾ ਵਿਦਿਆਰਥੀਆਂ ਨੂੰ ਸੰਗੀਤ ਅਤੇ ਗੁਰਮਤਿ ਸੰਗੀਤ ਦੀਆਂ ਵਿਭਿੰਨ ਪੇਸ਼ਕਾਰੀਆਂ ਦਾ ਮੌਕਾ ਅਤੇ ਉਤਸ਼ਾਹ ਮਿਲਦਾ ਰਹਿੰਦਾ ਹੈ। ਵਿਦਿਆਰਥੀਆਂ ਦੀ ਹੌਂਸਲਾ ਅਫਾਜਈ ਕਰਦਿਆਂ ਕਾਲਜ ਦੇ ਯੂਥ ਕੁਆਰਡੀਨੇਟਰ ਡਾ. ਰੋਹਿਤ ਕੁਮਾਰ ਨੇ ਦੱਸਿਆ ਕਿ ਕਾਲਜ ਵਿਚ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਪੰਜਾਬ ਦੇ ਪੇਂਡੂ ਖੇਤਰ ਦਾ ਕਾਲਜ ਹੋਣ ਦੇ ਬਾਵਜੂਦ ਸਾਡੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸ਼ਹਿਰੀ ਕਾਲਜਾਂ ਨਾਲੋਂ ਅੱਗੇ ਰਹਿੰਦੀਆਂ ਹਨ। ਵਿਦਿਆਰਥੀਆਂ ਨੂੰ ਆਸੀਸ ਦੇਣ ਲਈ ਡਾ. ਗੁਰਲੀਨ ਆਹਲੂਵਾਲੀਆ ਵਿਸ਼ੇਸ਼ ਰੂਪ ਵਿਚ ਪਧਾਰੇ। ਉਨ੍ਹਾਂ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਹਿਤ ਡਾ. ਗੁਰਨਾਮ ਸਿੰਘ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ।