ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੁੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਦੋ ਦਿਨਾਂ ਸਿਮਪੋਜ਼ੀਅਮ 'ਇਮਰਜਿੰਗ ਟ੍ਰੈਂਡਜ਼ ਇਨ ਫੀਟਲ ਅਤੇ ਨਿਓਨੇਟਲ ਡਾਇਗਨੋਸਿਸ' ਦਾ ਆਰੰਭ ਹੋਇਆ। ਇਸ ਸਿਮਪੋਜ਼ੀਅਮ ਦਾ ਆਯੋਜਨ ਯੂਨੀਵਰਸਿਟੀ ਦੇ ਬਾਇਓਟੈੇਕਨਾਲੋਜੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਵਿਭਾਗ ਦੇ ਮੁਖੀ ਡਾ. ਸੀ. ਰਾਜੇਸ ਆਪਣੇ ਸਵਾਗਤੀ ਭਾਸ਼ਣ ਦੌਰਾਨ ਪਹੁੰਚੇ ਪਤਵੰਤਿਆਂ ਨੂੰ ਜੀਅ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਸਿਮਪੋਜ਼ੀਅਮ ਦਾ ਮਨੋਰਥ ਬੱਚੇ ਦੇ ਜਨਮ ਤੋਂ ਪਹਿਲਾਂ ਗਰਭ ਅਵਸਥਾ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵਿਸ਼ੇ ਦੇ ਮਾਹਿਰਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਾ ਭਾਗ ਲੈਣ ਵਾਲੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਤੱਕ ਸੰਚਾਰ ਕਰਨਾ ਹੈ। ਇਸ ਤਰ੍ਹਾਂ ਇਸ ਮਹੱਤਵਪੂਰਨ ਵਿਸ਼ੇ ਉੱਤੇ ਹੋਣ ਵਾਲੇ ਕੰਮਾਂ ਨੂੰ ਤੇਜ਼ੀ ਨਾਲ ਵਧਾਉਣ ਦੇ ਮੌਕੇ ਪੈਦਾ ਹੋਣਗੇ।
ਸਿਮਪੋਜ਼ੀਅਮ ਦੇ ਉਦਘਾਟਨੀ ਸੈਸ਼ਨ ਦੌਰਾਨ ਪ੍ਰੋ. ਰੀਨਾ ਦਾਸ, ਪੀ.ਜੀ.ਆਈ, ਚੰਡੀਗੜ੍ਹ, ਦੁਆਰਾ ਵਿਸ਼ੇ ਦੇ ਵੱਖ-ਵੱਖ ਵਿਗਿਆਨਕ ਪਹਿਲੂਆਂ 'ਤੇ ਚਾਨਣਾ ਪਾਇਆ। ਡਾ. ਦਾਸ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਵਿਗਿਆਨ ਦੀ ਤਰੱਕੀ ਨਾਲ ਹੁਣ ਬੱਚੇ ਦੀ ਸਿਹਤ ਨੂੰ ਗਰਭ ਅਵਸਥਾ ਦੌਰਾਨ ਦਰਪੇਸ਼ ਚੁਣੌਤੀਆਂ ਦਾ ਸਮਾਂ ਰਹਿੰਦੇ ਪਤਾ ਲਗਾਉਣਾ ਅਤੇ ਉਨ੍ਹਾਂ ਦਾ ਇਲਾਜ ਸੰਭਵ ਹੋ ਚੁੱਕਾ ਹੈ। ਇਸ ਤੋਂ ਬਾਅਦ ਵੱਖ ਵੱਖ ਵਿਸ਼ਾ ਮਾਹਿਰਾਂ, ਜਿਨ੍ਹਾਂ ਵਿੱਚ ਡਾ. ਗੁਰਜੀਤ ਕੌਰ, ਜੀ.ਐਮ.ਸੀ.ਐਚ-32 ਚੰਡੀਗੜ੍ਹ, ਡਾ. ਰਣਜੀਤ ਸਿੰਘ, ਸੀ.ਐਮ.ਸੀ, ਲੁਧਿਆਣਾ, ਡਾ. ਪ੍ਰਸਾਦ, ਪੀ.ਜੀ.ਆਈ, ਚੰਡੀਗੜ੍ਹ ਅਤੇ ਡਾ. ਕਵਿਤਾ ਭੱਟੀ, ਸੀ.ਐਮ.ਸੀ, ਲੁਧਿਆਣਾ ਸ਼ਾਮਿਲ ਹਨ, ਦੁਆਰਾ ਵਿਸ਼ੇ 'ਤੇ ਖੋਜ ਅਨੁਸਾਰ ਆਪਣੇ ਵਿਚਾਰ ਸਾਂਝੇ ਕੀਤੇ।
ਸਿਮਪੋਜ਼ੀਅਮ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ, ਡਾ. ਪਰਿਤ ਪਾਲ ਸਿੰਘ ਨੇ ਵਿਭਾਗ ਨੂੰ ਇਸ ਮਹੱਤਵਪੂਰਨ ਵਿਸ਼ੇ ਉੱਤੇ ਵਿਗਿਆਨਕ ਪ੍ਰੋਗਰਾਮ ਉਲੀਕਣ ਲਈ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦਾ ਮਨੋਰਥ ਇਹੋ ਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਜਿੱਥੇ ਉੱਚ ਪੱਧਰ ਦੀ ਖੋਜ ਅਤੇ ਵਿਦਿਆ ਰਾਹੀਂ ਪ੍ਰੇਰਿਤ ਕਰਨਾ ਹੈ, ਉਥੇ ਨਾਲ ਹੀ ਇਹੋ ਜਿਹੇ ਗੰਭੀਰ ਅਤੇ ਜਰੂਰੀ ਵਿਸ਼ਿਆਂ ਪ੍ਰਤੀ ਸਮਾਜ ਵਿੱਚ ਚੇਤਨਾ ਪੈਦਾ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਸਿਹਤਮੰਦ ਸਮਾਜ ਦੀ ਉਸਾਰੀ ਵੱਲ ਵੱਧਣ ਦਾ ਹੋਰ ਵੀ ਰੁਝਾਨ ਪੈਦਾ ਹੋਵੇਗਾ ਅਤੇ ਭਵਿੱਖ ਵਿੱਚ ਇਹਦੇ ਵਧੀਆ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕੇਗੀ। ਡੀਨ ਫੈਕਲਟੀ, ਡਾ. ਐਸ.ਐਸ. ਜੌਲੀ ਨੇ ਇਸ ਮੌਕੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਸਿਮਪੋਜ਼ੀਅਮ ਵਿੱਚ ਆਉਣ ਵਾਲੇ ਦੋ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵਿਸ਼ਾ ਮਾਹਿਰ ਖੋਜ ਪੱਤਰ ਪੜਨਗੇ। ਸਿਮਪੋਜ਼ੀਅਮ ਦੇ ਉਦਘਾਟਨ ਮੌਕੇ ਡੀਨ ਰਿਸਰਚ, ਡਾ. ਆਰ.ਕੇ. ਸ਼ਰਮਾ, ਬਾਇਓਟੈਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰਾਂ, ਸਕਾਲਰਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਅਦਾਰਿਆਂ ਤੋਂ ਆਏ ਫੈਕਲਟੀ ਮੈਂਬਰ ਅਤੇ ਖੋਜਾਰਥੀ ਵੀ ਸ਼ਾਮਿਲ ਸਨ