ਜਲੰਧਰ/ਕਪੂਰਥਲਾ ਮਾਰਚ, 09, 2019 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਸਮੂਹ ਮਹਿਲਾ ਅਫ਼ਸਰ, ਮਹਿਲਾ ਫੈਕਲਟੀ ਮੈਂਬਰ, ਮਹਿਲਾ ਕਰਮਚਾਰੀ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੀਆਂ ਮਹਿਲਾ ਅਧਿਕਾਰੀ, ਫੈਕਲਟੀ, ਸਟਾਫ ਅਤੇ ਵਿਦਿਆਰਥਣਾਂ ਦੁਆਰਾ ਗਿੱਧਾ, ਭੰਗੜਾ, ਗਾਇਣ, ਮਹਿੰਦੀ ਮੁਕਾਬਲੇ, ਨ੍ਰਿਤ ਆਦਿ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ਵਿਚ ਹੋਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਲਈ ਨਿਰਣਾਇਕ ਮੰਡਲ ਵਿਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਮਾਨਵ ਸਰੋਤ ਵਿਕਾਸ ਵਿਭਾਗ ਸ਼੍ਰੀਮਤੀ ਗੀਤ, ਐਸੋਸੀਏਟ ਪ੍ਰੋਫੈਸਰ ਡਾ. ਗਗਨਦੀਪ ਕੌਰ ਅਤੇ ਡਿਪਟੀ ਲਾਇਬ੍ਰੇਰੀਅਨ ਸ਼੍ਰੀਮਤੀ ਮਧੂ ਮਿੱਡਾ ਸ਼ਾਮਿਲ ਸਨ।
ਇਸ ਸਮਾਗਮ ਦੌਰਾਨ ਵਿਚਾਰ-ਚਰਚਾ ਸੈਸ਼ਨ ਵੀ ਰੱਖਿਆ ਗਿਆ ਜਿਸ ਵਿਚ ਬਹੁਤ ਸਾਰੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਚਾਰ-ਚਰਚਾ ਦੌਰਾਨ ਸਾਂਝੇ ਤੌਰ ਤੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਨਵੇਂ ਸਮਾਜ ਦੀ ਸਿਰਜਣਾ ਲਈ ਮਹਿਲਾਵਾਂ ਆਪਣੀ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਆਰਥਿਕ ਜਗਤ ਤੋਂ ਲੈ ਕੇ ਸਿੱਖਿਆ, ਖੇਡ, ਵਿਗਿਆਨ ਆਦਿ ਖੇਤਰਾਂ ਵਿਚ ਮਹਿਲਾਵਾਂ ਨੇ ਬਿਹਤਰੀਨ ਕਾਰਗੁਜ਼ਾਰੀ ਦਿੱਤੀ ਹੈ। ਇਸ ਵਿਚਾਰ-ਚਰਚਾ ਦੌਰਾਨ ਇਸਤਰੀਆਂ ਨੂੰ ਭਾਰਤੀ ਸਮਾਜ ਵਿਚ ਦਰਪੇਸ਼ ਚੁਣੌਤੀਆਂ ਦੇ ਹੱਲ ਉਪਰ ਵੀ ਚਰਚਾ ਕੀਤੀ ਗਈ। ਭਾਵੇਂ ਅੱਜ ਇਸਤਰੀ ਦੀ ਸਥਿਤੀ ਪਰੰਪਰਕ ਸਮਾਜਾਂ ਦੇ ਮੁਕਾਬਲੇ ਬਹੁਤ ਬਿਹਤਰ ਹੋ ਗਈ ਹੈ ਫਿਰ ਵੀ ਇਸਤਰੀ ਦੇ ਸਰਬਪੱਖੀ ਵਿਕਾਸ ਲਈ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਵਿਚਾਰ-ਚਰਚਾ ਵਿਚ ਇਸਤਰੀ ਦੇ ਗੌਰਵ ਤੇ ਸਨਮਾਨ ਦਾ ਜ਼ਿਕਰ ਕਰਨ ਦੇ ਨਾਲ-ਨਾਲ ਸਮਾਜ ਵਿਚ ਇਸਤਰੀ-ਪੁਰਸ਼ ਦੀ ਸੰਯੋਗੀ ਭੂਮਿਕਾ ਉਪਰ ਚਰਚਾ ਕੀਤੀ ਗਈ।
ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਕੰਟਰੋਲਰ ਵਿੱਤ ਡਾ. ਨਿੱਤਿਆ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਅੰਸ਼ੂ ਭਸੀਨ, ਡਾ. ਰੁਪਾਲੀ ਬਤਰਾ, ਡਾ. ਰਾਜਪ੍ਰੀਤ ਕੌਰ, ਡਾ. ਮੇਘਾ ਗੋਇਲ, ਡਾ. ਕੋਮਲ, ਡਾ. ਨੇਹਾ ਠਾਕੁਰ, ਸ੍ਰੀਮਤੀ ਮੰਗਲਾ, ਯੂਨੀਵਰਸਿਟੀ ਸਟਾਫ ਅਤੇ ਵਿਦਿਆਰਥੀ ਆਦਿ ਸ਼ਾਮਿਲ ਸਨ।