ਸ੍ਰੀ ਗੁਰੁੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿਖੇ ਬੋਟਨੀ ਅਤੇ ਵਾਤਾਵਰਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੁਆਰਾ ਦੋ ਦਿਨਾ ਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਨਫ਼ਰੰਸ "ਰੀਸੈਂਟ ਐਡਵਾਂਸਜ਼ ਇਨ ਪਲਾਂਟ ਐਂਡ ਐਗਰੀਕਲਚਰ ਸਾਇੰਸਜ਼" ਵਿਸ਼ੇ 'ਤੇ ਅਧਾਰਿਤ ਹੈ।ਕਾਨਫਰੰਸ ਦੇ ਪਹਿਲੇ ਦਿਨ ਡਾ. ਯਾਦਵਿੰਦਰ ਸਿੰਘ, ਕਾਨਫਰੰਸ ਕਨਵੀਨਰ ਅਤੇ ਇੰਚਾਰਜ, ਬਾਟਨੀ ਅਤੇ ਵਾਤਾਵਰਣ ਵਿਭਾਗ ਨੇ ਦੱਸਿਆ ਕਿ ਇਸ ਵਿਗਿਆਨਕ ਗਤੀਵਿਧੀ ਦੌਰਾਨ ਸੰਬੰਧਤ ਖੇਤਰਾਂ ਦੀਆਂ ਨਵੀਆਂ ਖੋਜਾਂ ਦੇ ਨਾਲ-ਨਾਲ ਉਹਨਾਂ ਦੇ ਮਨੁੱਖੀ ਭਲਾਈ ਲਈ ਉਪਯੋਗ ਅਤੇ ਯੋਗਦਾਨ ਦੀ ਚਰਚਾ ਹੋਵੇਗੀ।ਉਹਨਾਂ ਕਿਹਾ ਕਿ ਕਾਨਫਰੰਸ ਦਾ ਮਨੋਰਥ ਉਪਰੋਕਤ ਦੱਸੇ ਕਾਰਜ ਲਈ ਸੰਬੰਧਤ ਵੱਖ-ਵੱਖ ਖੇਤਰਾਂ ਵਿੱਚ ਕਾਰਜਰਤ ਵਿਦਵਾਨਾਂ ਨੂੰ ਪਲੇਟਫ਼ਾਰਮ ਮੁਹੱਈਆ ਕਰਵਾਉਣਾ ਹੈ।ਪੁੱਜੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਕਾਨਫਰੰਸ ਦੌਰਾਨ ਹੋਣ ਵਾਲੇ ਵਿਚਾਰਾਂ ਦਾ ਵਿਦਿਆਰਥੀ ਅਤੇ ਖੋਜਾਰਥੀ ਭਰਪੂਰ ਲਾਭ ਉਠਾਉਣਗੇ ਅਤੇ ਅਜੋਕੇ ਸਮੇਂ ਦੌਰਾਨ ਕੁਦਰਤ ਨੂੰ ਬਚਾਉਣ ਅਤੇ ਸਾਵੇਂ ਵਿਕਾਸ ਲਈ ਉਪਯੋਗੀ ਸੁਝਾਅ ਲੈੇ ਕੇ ਅੱਗੇ ਆਉਣ ਦੇ ਸਮਰੱਥ ਹੋਣਗੇ।
ਇਸ ਕਾਨਫਰੰਸ ਦਾ ਉਦਘਾਟਨ ਵਾਈਸ ਚਾਂਸਲਰ ਡਾ. ਪਰਿਤਪਾਲ ਸਿੰਘ ਦੁਆਰਾ ਕੀਤਾ ਗਿਆ।ਉਹਨਾਂ ਨੇ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿੱਦਿਅਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਇਹੋ ਜਿਹੇ ਵਿਗਿਆਨਕ ਆਯੋਜਨ ਲਾਹੇ ਭਰਪੂਰ ਸਾਬਿਤ ਹੁੰਦੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਨਾਲ ਨਵੀਆਂ ਵਿਗਿਆਨਕ ਸਾਂਝਾਂ ਉਸਾਰਨ ਦੇ ਨਾਲ ਇਸ ਵਿਸ਼ੇ ਵਿੱਚ ਹੋ ਰਹੀ ਖੋਜ ਨੂੰ ਹੁਲਾਰਾ ਮਿਲਦਾ ਹੈ।ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਜੇ.ਆਈ.ਐਸ. ਖੱਟਰ, ਡੀਨ ਫੈਕਲਟੀ ਆਫ਼ ਲਾਈਫ਼ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਭੋਜਨ ਸੁਰੱਖਿਆ, ਸਿਹਤ ਸਮੱਸਿਆਵਾਂ ਅਤੇ ਵਾਤਾਵਰਣ ਨਾਲ ਸਬੰਧਿਤ ਮਸਲੇ ਵਿਗਿਆਨੀਆਂ ਅਤੇ ਮਾਹਿਰਾਂ ਲਈ ਵੱਡੀਆਂ ਚੁਣੌਤੀਆਂ ਬਣ ਕੇ ਉੱਭਰ ਰਹੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਬਨਸਪਤੀ ਅਤੇ ਖੇਤੀਬਾੜੀ ਵਿਗਿਆਨ ਨਾਲ ਸੰਬੰਧਤ ਖੇਤਰਾਂ ਵਿੱਚ ਬਹੁਤ ਵੱਡੇ ਪੱਧਰ 'ਤੇ ਗਿਆਨ ਅਤੇ ਤਕਨਾਲੋਜੀ ਵਿੱਚ ਵਾਧਾ ਹੋਇਆ ਹੈ, ਪਰ ਫਿਰ ਵੀ ਇਸ ਦਿਸ਼ਾ ਵਿੱਚ ਸਮੇਂ ਦੀ ਲੋੜ ਅਨੁਸਾਰ ਮੀਲ ਦੇ ਪੱਥਰ ਸਥਾਪਿਤ ਕਰਨੇ ਪੈਣੇ ਹਨ। ਇਸ ਮੌਕੇ 'ਤੇ ਪ੍ਰਸਿੱਧ ਵਿਗਿਆਨੀ ਪ੍ਰੋਫੈਸਰ ਯਸ਼ਪਾਲ ਸ਼ਰਮਾ, ਬੋਟਨੀ ਵਿਭਾਗ, ਜੰਮੂ ਯੂਨੀਵਰਸਿਟੀ ਨੇ ਆਪਣੇ ਕੂੰਜੀਵਤ ਭਾਸ਼ਣ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਵਰ੍ਹੇ 2050 ਤੱਕ ਸੰਸਾਰ ਦੀ ਵੱਸੋਂ ਦਸ ਅਰਬ ਤੋਂ ਟੱਪ ਜਾਣ ਕਾਰਨ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਦੇ ਮਾਮਲੇ ਵਿੱਚ ਚੁਣੌਤੀਆਂ ਬਹੁਤ ਵੱਧ ਜਾਣਗੀਆਂ। ਇਸ ਲਈ ਵੱਧ ਤੋਂ ਵੱਧ ਆਰਥਿਕ ਤਰੱਕੀ ਦੀ ਦੌੜ ਕਰਕੇ ਕੁਦਰਤੀ ਸੋਮਿਆਂ ਦੇ ਖਣਨ ਦਾ ਕੰਮ ਆਪਣੀ ਚਰਮ ਸੀਮਾ 'ਤੇ ਪਹੁੰਚ ਜਾਵੇਗਾ।ਇਸ ਕਰਕੇ ਜੀਵ ਅਤੇ ਬਨਸਪਤੀ ਵਿਭਿੰਨਤਾ ਵਿੱਚ ਤੇਜ਼ੀ ਨਾਲ ਨਿਘਾਰ ਆਉਣ ਕਰਕੇ ਇਕੋਲੋਜੀਕਲ ਸੰਤੁਲਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।ਉਨ੍ਹਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਥਿਕ ਵਿਕਾਸ ਦੀ ਗਤੀ ਬਰਕਰਾਰ ਰੱਖਣ ਦੇ ਨਾਲ-ਨਾਲ ਸਾਨੂੰ ਕੁਦਰਤੀ ਸੋਮਿਆਂ ਦੇ ਖਣਨ ਲਈ ਸਾਂਵੇਪਣ ਵਾਲੀ ਪਹੁੰਚ ਅਪਣਾਉਂਦਿਆਂ ਇਸ ਖੇਤਰ ਵਿੱਚ ਨਵੀਆਂ ਖੋਜਾਂ ਅਤੇ ਵਿਧੀਆਂ ਉੱਤੇ ਕਾਰਜਾਂ ਨੂੰ ਤਰਜੀਹੀ ਪੱਧਰ 'ਤੇ ਜਾਰੀ ਰੱਖਣਾ ਪਵੇਗਾ।
ਉਦਘਾਟਨੀ ਸਮਾਰੋਹ ਦੇ ਅੰਤ ਵਿੱਚ ਡਾ. ਜਸਪ੍ਰੀਤ ਕੌਰ, ਇੰਚਾਰਜ, ਖੇਤੀਬਾੜੀ ਵਿਭਾਗ ਅਤੇ ਕਾਨਫਰੰਸ ਪ੍ਰਬੰਧਕੀ ਸਕੱਤਰ ਨੇ ਪਹੁੰਚੇ ਵਿਗਿਆਨੀਆਂ, ਖੋਜਾਰਥੀਆਂ, ਵਿਸ਼ਾ ਮਾਹਿਰਾਂ ਅਤੇ ਡੈਲੀਗੇਟਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋਂ ਲੱਗਭਗ 150 ਦੇ ਕਰੀਬ ਡੈਲੀਗੇਟਸ ਭਾਗ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆ ਦੇ ਨਾਲ-ਨਾਲ ਇੰਡਸਟਰੀ ਵੱਲੋਂ ਵੀ ਪ੍ਰਤੀਨਿਧੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋ ਰਹੇ ਹਨ। ਕਾਨਫਰੰਸ ਦੇ ਪਹਿਲੇ ਦਿਨ ਡੈਲੀਗੇਟਸ ਦੁਆਰਾ 35 ਖੋਜ ਪੱਤਰ ਅਤੇ 50 ਦੇ ਕਰੀਬ ਪੋਸਟਰ ਪੇਸ਼ ਕੀਤੇ ਗਏ।ਇਸ ਮੌਕੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਆਰ.ਐਸ. ਸਿੰਘ, ਪ੍ਰੋ. ਗੁਰਪਾਲ ਸਿੰਘ ਢਿੰਗਰਾ ਅਤੇ ਪ੍ਰੋ. ਮਨਰੁੱਚੀ ਕੌਰ, ਪ੍ਰੋ. ਦਲਜੀਤ ਸਿੰਘ, ਪੀ.ਏ.ਯੂ, ਲੁਧਿਆਣਾ, ਪ੍ਰੋ. ਓ.ਐਨ ਤਿਵਾਰੀ, ਆਈ.ਏ.ਆਰ.ਆਈ, ਨਵੀਂ ਦਿੱਲੀ, ਡਾ. ਵਿਨੈ ਯਾਦਵ, ਸੀ.ਯੂ.ਪੀ. ਬਠਿੰਡਾ ਅਤੇ ਡਾ. ਵਿਵੇਕ ਸ਼ਰਮਾ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ ਨੇ ਸ਼ਿਰਕਤ ਕੀਤੀ।