ਫਿਰੋਜ਼ਪੁਰ 16 ਮਾਰਚ (ਗੁਰਿੰਦਰ ਸਿੰਘ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ‘ਸੋਸਾਇਟੀ ਫਾਰ ਐਕਸਟਰਾ ਕਰੀਕਲਰ ਐਕਟੀਵਿਟੀਜ਼’ “ਸੈਕਾ” ਵੱਲੋਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ‘ਜਸ਼ਨ-2019’ ਦਾ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਸਮਾਗਮ ਵਿੱਚ ਕੈਂਪਸ ਡਾਇਰੈਕਟਰ ਡਾ. ਟੀ.ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ ਮੈਡਮ ਰਵਿੰਦਰ ਕੌਰ ਸਿੱਧੂ ਸ਼ਾਮਿਲ ਹੋਏ।ਇਸ ਮੌਕੇ ਸ਼ਮ੍ਹਾ ਰੌਸ਼ਨ ਕਰਕੇ ਇਸ ਖੂਬਸੂਰਤ ਸਮਾਗਮ ਦਾ ਰਸਮੀ ਉਦਘਾਟਨ ਕੀਤਾ ਗਿਆ।ਕਲਚਰਲ ਸੋਸਾਇਟੀ ਦੇ ਇੰਚਾਰਜ ਡਾ. ਅਮਿਤ ਅਰੋੜਾ ਨੇ ਮੁੱਖ ਮਹਿਮਾਨ , ਸਮੂਹ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ।ਸ੍ਰੀ ਤੇਜਪਾਲ ਵਰਮਾ ‘ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ’ ਦੀ ਰਹਿਨੁਮਾਈ ਵਿੱਚ ਸੋਸਾਇਟੀ ਦੇ ਇੰਚਾਰਜ ਡਾ. ਅਮਿਤ ਅਰੋੜਾ ਅਤੇ ਸੋਸਾਇਟੀ ਮੈਂਬਰਾਨ ਮੈਡਮ ਪਰਮਪ੍ਰੀਤ ਕੌਰ, ਅਸਿਸਟੈਂਟ ਪ੍ਰੋ. ਪਵਨ ਲੂਥਰਾ, ਮੈਡਮ ਅਨੁਰਾਧਾ ਚੋਪੜਾ, ਗੁਰਪ੍ਰੀਤ ਸਿੰਘ, ਜੇ.ਐਸ ਮਾਂਗਟ, ਬਲਵਿੰਦਰ ਸਿੰਘ ਮੋਹੀ ਅਤੇ ਮੈਡਮ ਈਸ਼ਾ ਸ਼ਰਮਾ ਦੇ ਸਹਿਯੋਗ ਨਾਲ ਇਸ ਸਮਾਰੋਹ ਦਾ ਆਯੋਜਨ ਯਾਦਗਾਰੀ ਹੋ ਨਿਬੜਿਆ।ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।ਕੋਰੀਉਗ੍ਰਾਫੀ, ਮਾਈਮ, ਗੀਤ, ਸਕਿੱਟ, ਗਰੁੱਪ ਡਾਂਸ, ਸਮੂਹ ਗਾਨ, ਬੈਸਟ ਆਊਟ ਆਫ ਵੇਸਟ, ਮਿਮਿਕਰੀ, ਗਿੱਧਾ ਅਤੇ ਭੰਗੜਾ ਆਦਿ ਪੇਸ਼ਕਾਰੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ।ਇਸ ਮੌਕੇ ਮਿਸ ਜਸ਼ਨ ਦਾ ਖਿਤਾਬ ਤਨਵੀ ਕਪੂਰ ਬੀ.ਅਰਕੀਟੈਕਚਰ ਦੂਜਾ ਸਾਲ ਅਤੇ ਮਿਸਟਰ ਜਸ਼ਨ ਦਾ ਖਿਤਾਬ ਗੁਰਸੇਵਕ ਸਿੰਘ ਬੀ.ਟੈਕ (ਸਿਵਲ) ਚੌਥਾ ਸਾਲ ਨੇ ਹਾਸਿਲ ਕੀਤਾ। ਇਨਡੋਰ ਈਵੈਂਟਸ ਵਿੱਚ ਡੀਬੇਟ, ਮਹਿੰਦੀ, ਪੋਸਟਰ ਮੇਕਿੰਗ, ਰੰਗੋਲੀ, ਕਲੇਅ ਮਾਡਲਿੰਗ, ਕੁਇਜ਼, ਕਵਿਤਾ ਪਾਠ ਅਤੇ ਕੋਲਾਜ ਮੇਕਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ।
ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਇਸ ਖੂਬਸੂਰਤ ਸਮਾਗਮ ਦੇ ਆਯੋਜਨ ਲਈ ‘ਸੈਕਾ’ ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੇ ਚੰਗੇਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ ਵੱਖ ਸੱਭਿਆਚਾਰਕ ਅਤੇ ਤਕਨੀਕੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਕਿ ਵਿਦਿਆਰਥੀਆਂ ਨੂੰ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਬਨਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ । ਉਹਨਾਂ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ, ਤੇਜਪਾਲ ਵਰਮਾ, ਸਮੁੱਚੀ ‘ਸੈਕਾ’ ਟੀਮ, ਸਟੂਡੈਂਟ ਪ੍ਰੈਜ਼ੀਡੈਂਟ ਅੰਕੁਰ ਛਾਬੜਾ ਸਮੇਤ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸਮਾਰੋਹ ਦੇ ਅੰਤ ਵਿੱਚ ਡਾ. ਅਮਿਤ ਅਰੋੜਾ ਨੇ ਡਾ. ਟੀ ਐਸ ਸਿੱਧੂ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਸਾਰੀ ਸੈਕਾ ਟੀਮ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਡਾ. ਟੀ.ਐਸ ਸਿੱਧੂ ਅਤੇ ਸਰਬਜੀਤ ਸਿੰਘ ਬੇਦੀ ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਰੇ ਵਿਭਾਗੀ ਮੁਖੀ, ਫੈਕਲਟੀ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ਜਿਹਨਾਂ ਨੇ ਇਸ ਬਹੁ-ਵੰਨਗੀ ਸਾਲਾਨਾ ਸੱਭਿਆਚਾਰਕ ਸਮਾਰੋਹ ਦਾ ਭਰਪੂਰ ਆਨੰਦ ਮਾਣਿਆ।