ਜਲੰਧਰ/ਕਪੂਰਥਲਾ 09 ਅਪ੍ਰੈਲ 2019: ਵਿਗਿਆਨ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹੁੰਦਾ ਹੈ, ਜਰੂਰੀ ਨਹੀਂ ਕਿ ਵਿਗਿਆਨ ਕਿਸੇ ਖਾਸ ਵਿਗਿਆਨੀ ਵਰਗ ਦੀ ਜਿੱਮੇਦਾਰੀ ਹੈ! ਹਰ ਆਮ ਮਨੁੱਖ ਵੀ ਵਿਸ਼ੇ ਅੰਦਰ ਅਵਿਸ਼ਕਾਰ ਦੀ ਰੂਚੀ ਪੈਦਾ ਕਰਕੇ ਖੁਦ ਨੂੰ ਵਿਗਿਆਨ ਨਾਲ ਜੋੜ ਸਕਦਾ ਹੈ ਅਤੇ ਵਿਗਿਆਨ ਰਾਹੀਂ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦਾ ਹੈ! ਵਿਗਿਆਨ ਪ੍ਰਤੀ ਇਹ ਪ੍ਰੇਰਨਾ ਦਿੱਤੀ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਐਮ. ਐਸ. ਸਿੱਧੂ ਨੇ! ਉਹ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਇਕ ਰੋਜ਼ਾ ਵਿਗਿਆਨ ਮੇਲੇ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸੀ!
ਇਹ ਵਿਗਿਆਨ ਮੇਲਾ ਯੂਨੀਵਰਸਿਟੀ ਦੇ ਫਿਜ਼ਿਕਸ, ਕੈਮਿਸਟਰੀ ਤੇ ਗਣਿਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਥੀਮ ‘ਲੋਕਾਂ ਲਈ ਵਿਗਿਆਨ ਤੇ ਵਿਗਿਆਨ ਲਈ ਲੋਕ’ ਰੱਖਿਆ ਗਿਆ ਸੀ। ਇਸ ਵਿਗਿਆਨ ਮੇਲੇ ਦਾ ਉਦੇਸ਼ ਵਿਗਿਆਨ ਦੇ ਮਹੱਤਵ ਅਤੇ ਇਸਦੀ ਉਪਯੋਗਤਾ ਨੂੰ ਦ੍ਰਿੜ੍ਹ ਕਰਾਉਣ ਦੇ ਮਨੋਰਥ ਨਾਲ ਰੱਖਿਆ ਗਿਆ' ਇਸਦਾ ਇੱਕ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੂਝ-ਬੂਝ ਤੇ ਦ੍ਰਿਸ਼ਟੀ ਵਿਕਸਿਤ ਕਰਨਾ ਵੀ ਸੀ।
ਇਸ ਮੌਕੇ ਡਾ. ਬੀ. ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਫਿਜ਼ਿਕਸ ਵਿਭਾਗ ਦੇ ਡਾ. ਰੋਹਿਤ ਮਹਿਰਾ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਤਾਵਰਣ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਡਾ. ਵੀ. ਕੇ. ਗਰਗ ਨੇ ਊਰਜਾ-ਸੰਪੰਨ ਰਾਸ਼ਟਰ ਦੀ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਪ੍ਰਮਾਣੂ ਊਰਜਾ ਦੇ ਮਹੱਤਵ ਤੇ ਇਸਦੀ ਵਿਆਪਕ ਉਪਯੋਗਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਵਿਗਿਆਨ ਦੀਆਂ ਬੱਚਤਾਂ ਰਾਹੀਂ ਟਿਕਾਊ ਵਿਕਾਸ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਇਨ੍ਹਾਂ ਦੋਵਾਂ ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਪ੍ਰਸ਼ਨੋਤਰੀ ਸੰਵਾਦ ਰਚਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ, ਕੁਇਜ਼ ਤੇ ਮਾਡਲ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਇਸ ਵਿਗਿਆਨ ਮੇਲੇ ਵਿਚ ਫੈਕਲਟੀ, ਸਟਾਫ, ਮੇਨ ਕੈਂਪਸ ਦੇ ਵਿਦਿਆਰਥੀ ਅਤੇ ਸੀ.ਈ.ਸੀ. ਲਾਂਡਰਾਂ ਤੇ ਡੀ.ਏ.ਵੀ.ਆਈ.ਈ.ਟੀ. ਜਲੰਧਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।