ਫਿਰੋਜ਼ਪੁਰ 10 ਅਪ੍ਰੈਲ (ਗੁਰਿੰਦਰ ਸਿੰਘ): ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋ ਸਕੂਲੀ ਸਿੱਖਿਆ ਸਬੰਧੀ ਨੀਤੀਆਂ ਬਣਾਉਣ ਅਤੇ ਸਰਕਾਰੀ ਸਕੂਲਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੋਰਟਲ ਈ-ਪੰਜਾਬ ਸਕੂਲ ਬਣਾਇਆ ਗਿਆ ਹੈ। ਇਸੇ ਲਈ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵੱਲੋ ਪੋਰਟਲ ਈ-ਪੰਜਾਬ ਸਕੂਲ ਉੱਪਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਆਦਿ ਦੀ ਜਾਣਕਾਰੀ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਅਪਡੇਟ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸੈਸ਼ਨ ਲਈ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਈ-ਪੋਰਟਲ 'ਤੇ ਡਾਟਾ ਅਪਡੇਟ ਕਰਨ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ, ਵਰਦੀਆਂ ਅਤੇ ਫਰਨੀਚਰ ਮੁੱਹਈਆ ਕਰਵਾਇਆ ਜਾ ਰਿਹਾ ਹੈ ਪਰੰਤੂ ਇਹ ਸਭ ਸਹੂਲਤਾਂ ਸਕੂਲਾਂ ਨੂੰ ਪੋਰਟਲ ਈ ਪੰਜਾਬ 'ਤੇ ਅਪਡੇਟ ਅਕੰੜਿਆਂ ਅਨੁਸਾਰ ਹੀ ਮਿਲਣਗੀਆਂ ਕਿਉਕਿ ਪੋਰਟਲ 'ਤੇ ਦਰਜ ਵਿਦਿਆਰਥੀਆਂ ਦਾ ਦਾਖਲਾ ਹੀ ਮੰਨਣਯੋਗ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਘਰੋ ਘਰੀਂ ਮੁਹਿੰਮ ਚਲਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਦੀ ਮੁਹਿੰਮ ਚਲਾ ਰਹੇ ਹਨ ਅਤੇ ਜਿਲ੍ਹਾ ਅਧਿਕਾਰੀ, ਬਲਾਕ ਅਧਿਕਾਰੀ ਅਤੇ ਸੈਂਟਰ ਮੁੱਖੀ ਆਪ ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਦਾਖਲ ਵਿਦਿਆਰਥੀਆਂ ਨੂੰ ਉਸੇ ਸਮੇਂ ਪੋਰਟਲ 'ਤੇ ਦਰਜ ਕਰਵਾ ਰਹੇ ਹਨ ਤਾਂ ਜੋ ਸਕੂਲਾਂ ਦੇ ਦਾਖਲੇ ਦੀ ਸਹੀ ਗਿਣਤੀ ਵਿਭਾਗ ਨੂੰ ਸਪਸ਼ਟ ਹੋ ਸਕੇ।
ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ. ਪਵਨ ਮਦਾਨ ਨੇ ਦੱਸਿਆ ਕਿ ਪੋਰਟਲ ਈ-ਪੰਜਾਬ ਰਾਹੀਂ ਸਿੱਖਿਆ ਵਿਭਾਗ ਵਿੱਚ ਈ-ਗਵਰਨੈਂਸ ਲਾਗੂ ਕਰਦੇ ਹੋਏ ਜਿਥੇ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਮੁੱਚੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਵਿਭਾਗ ਵਿੱਚ ਕੰਮ ਕਰਦੇ ਅਮਲੇ ਨੂੰ ਦਫਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਅਤੇ ਵਿਭਾਗੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਪੋਰਟਲ ਈ ਪੰਜਾਬ ਸਕੂਲ 'ਤੇ ਘਰ ਬੈਠ ਕੇ ਹੀ ਐਕਸ ਇੰਡੀਆ, ਬਿਨ੍ਹਾਂ ਤਨਖਾਹ ਛੁੱਟੀ, ਪ੍ਰਸੂਤਾ ਛੁੱਟੀ, ਚਾਈਲਡ ਕੇਅਰ ਲੀਵ , ਸੇਵਾ ਕਾਲ ਵਿੱਚ ਵਾਧਾ ਅਤੇ ਪੈਨਸ਼ਨ ਲਾਭ ਆਦਿ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਦਿੱਤੀ ਗਈ ਹੈ ਅਤੇ ਅਮਲੇ ਦੀਆਂ ਸ਼ਿਕਾਇਤਾਂ ਆਦਿ ਦਾ ਨਿਪਟਾਰਾ ਵੀ ਆਨਲਾਈਨ ਹੀ ਕੀਤਾ ਜਾਂਦਾ ਹੈ। ਜਿਲ੍ਹਾ ਫਿਰੋਜਪੁਰ ਦੇ ਸਕੂਲਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 1112 ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚੋ 47 ਪ੍ਰਾਈਵੇਟ ਅਤੇ 3 ਕੇਂਦਰੀ ਸਕੂਲਾਂ ਵੱਲੋ ਅਜੇ ਤੱਕ ਨਵੇਂ ਵਿੱਦਿਅਕ ਵਰ੍ਹੇ ਦਾ ਡਾਟਾ ਅਪਡੇਟ ਨਹੀ ਕੀਤਾ ਗਿਆ ਜਿਨ੍ਹਾਂ ਨੂੰ ਕੰਮ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵਜੀਫਾ, ਪੰਜਾਬ ਟੈਲੇਂਟ ਸਰਚ ਅਤੇ ਨੈਸ਼ਨਲ ਟੈਲੇਂਟ ਸਰਚ ਲਈ ਰਜਿਸਟ੍ਰੇਸ਼ਨ ਆਦਿ ਸੁਵਿਧਾਵਾਂ ਤੋ ਵਾਝੇਂ ਨਾ ਰਹਿਣ।