ਜਾਣਕਾਰੀ ਦਿੰਦੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਹਰਿੰਦਰ ਸਿੰਘ
ਫਿਰੋਜ਼ਪੁਰ 11 ਅਪ੍ਰੈਲ (ਗੁਰਿੰਦਰ ਸਿੰਘ):- ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋ ਪਿਛਲੇ 2 ਸਾਲਾਂ ਦੌਰਾਨ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ, ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦਿੰਦੇ ਬਣ ਰਹੇ ਸਮਾਰਟ ਸਕੂਲ , ਗੁਣਾਤਮਕ ਸਿੱਖਿਆ ਦੇ ਪੱਧਰ ਵਿੱਚ ਹੈਰਾਨੀਜਨਕ ਸੁਧਾਰ ਅਤੇ ਜ਼ਮੀਨੀ ਪੱਧਰ 'ਤੇ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਜਵਾਬਦੇਹੀ ਤੈਅ ਕਰਨ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ ਜਿਸਦੀ ਤਾਜ਼ਾ ਮਿਸਾਲ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ 'ਤੇ ਹੀ ਆਮ ਲੋਕਾਂ ਵਿੱਚ ਆਪਣੇ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਹਰਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਮੁੱਖੀ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ "ਈਚ ਵੱਨ, ਬਰਿੰਗ ਵੱਨ" (ਹਰ ਇੱਕ-ਲਿਆਵੇ ਇੱਕ) ਨਾਅਰੇ ਨਾਲ ਜਿਲ੍ਹੇ ਦੇ ਸਕੂਲ ਮੁੱਖੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਘਰੋ ਘਰੀਂ ਮੁਹਿੰਮ ਚਲਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ ਜਿਸਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਲ੍ਹੇ ਦੇ 852 ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਦਾ ਮੋਹ ਤਿਆਗ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਸ ਤੋ ਸਪਸ਼ਟ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਤੋ ਪੜ੍ਹ ਰਹੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਂਵਾ ਵਿੱਚ ਹਾਸਲ ਕੀਤੀਆਂ ਚੰਗੀਆਂ ਪੁਜੀਸ਼ਨਾਂ ਨੇ ਇੱਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਬਲਾਕ ਅਧਿਕਾਰੀਆਂ ਅਤੇ ਸੈਂਟਰ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਸਬਿਆਂ ਅਤੇ ਪਿੰਡਾਂ ਵਿੱਚ ਅਧਿਆਪਕਾਂ ਦੀ ਦਾਖਲਾ ਮੁਹਿੰਮ ਵਿੱਚ ਆਪ ਜਾ ਕੇ ਮੱਦਦ ਕੀਤੀ ਜਾਵੇ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਪੜ੍ਹਾਈ ਦੇ ਪੱਧਰ ਵਿੱਚ ਆਏ ਸੁਧਾਰਾਂ ਬਾਰੇ ਜਾਗਰੂਕ ਕੀਤਾ ਜਾਵੇ ਕਿ ਕਿਸ ਤਰ੍ਹਾਂ ਸਰਾਕਰੀ ਸਕੂਲਾਂ ਵਿੱਚ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਰਾਹੀ ਨਵੀਆਂ ਅਤੇ ਵਿਗਿਆਨਕ ਤਕਨੀਕਾਂ ਰਾਹੀ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਸਮੂਹ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ 10-15 ਦਿਨ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ ਅਤੇ ਇਸ ਵਾਰ ਰਿਕਾਰਡ ਤੋੜ ਦਾਖਲੇ ਕੀਤੇ ਜਾਣ।