ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਅਪਰੈਲ - ਖਾਲਸਾ ਕਾਲਜ ਵਿਖੇ ਕਿਸਾਨ ਸਿਖਲਾਈ ਕੇਂਦਰ ਵਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੀਐਸ. ਸੀ. ਖੇਤੀਬਾੜੀ ਸਮੈਸਟਰ 8ਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਪ੍ਰਿੰ. ਡਾ. ਮਹਿਲ ਸਿੰਘ ਨੇ ਸਿੱਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ‐ਨਾਲ ਕਿੱਤਾ ਮੁਖੀ ਪ੍ਰੈਕਟੀਕਲ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਟ੍ਰੇਨਿੰਗ ਦੇ ਰਹੇ ਖੇਤੀਬਾੜੀ ਕਾਲਜ ਅਤੇ ਟ੍ਰੇਨਿੰਗ ਸੈਂਟਰ ਦੇ ਸਟਾਫ਼ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਪ੍ਰੈਕਟੀਕਲ ਸੈਸ਼ਨਾਂ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਭਾਟੀਆਂ ਵੱਲੋਂ ਸ਼ਹਿਦ ਦੀਆਂ ਮੱਖੀਆਂ ਦੇ ਜੀਵਨ ਚੱਕਰ, ਸ਼ਹਿਦ ਬਣਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ।
ਇਸ ਤੋਂ ਇਲਾਵਾ ਕਰਮ ਸਿੰਘ ਦੇ ਮਧੂ-ਮੱਖੀ ਫ਼ਾਰਮ, ਪਿੰਡ ਧਰਮੂ ਚੱਕ (ਮਹਿਤਾ) ਵਿਖੇ ਦੌਰਾ ਕਰਵਾਇਆ ਗਿਆ, ਜਿਸ 'ਚ ਜਸਵਿੰਦਰ ਸਿੰਘ ਨੇ ਮਧੂ-ਮੱਖੀ ਬਕਸਿਆਂ 'ਚੋਂ ਸ਼ਹਿਦ ਕੱਢਣ ਅਤੇ ਸ਼ਹਿਦ ਦੀ ਪੈਕਿੰਗ ਕਰਨ ਦੀ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਧਿਕਾਰੀ ਰੀਨੂ ਵਿਰਦੀ ਵਲੋਂ ਸ਼ਹਿਦ ਦੀ ਸ਼ੁੱਧਤਾ ਅਤੇ ਐਗਮਾਰਕ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਫੈਸਰ ਰਣਦੀਪ ਸਿੰਘ, ਡਾ. ਅਮਨਦੀਪ ਅਤੇ ਪ੍ਰੋਫੈਸਰ ਤੇਜਿੰਦਰ ਕੌਰ ਵੀ ਹਾਜ਼ਰ ਸਨ।