ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 11 ਮਈ 2019- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਨੀਵਾਰ 11 ਮਈ 2019 ਨੂੰ 12ਵੀਂ ਦਾ ਨਤੀਜਾ ਐਲਾਨੇ ਜਾਣ ਦੀਆਂ ਖ਼ਬਰਾਂ ਦੀ ਚਾਰੋਂ ਪਾਸੇ ਚਰਚਾ ਛਿੜ ਗਈ। ਪਰ ਅਸਲੀਅਤ 'ਚ ਨਤੀਜੇ ਦੇਖਣ ਲਈ ਬੱਚੇ ਤੇ ਮਾਪੇ ਲਗਾਤਾਰ ਆਪੋ ਆਪਣੇ ਮੋਬਾਈਲ ਸਕਰੀਨਾਂ ਤੇ ਕੰਪਿਊਟਰਾਂ 'ਤੇ ਬੈਠ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਰੀਫ੍ਰੈੱਸ਼ ਕਰ ਰਹੇ ਨੇ।
ਅਸਲ 'ਚ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨ ਤਾਂ ਦਿੱਤੇ ਪਰ ਆਪਣੀ ਵੈੱਬਸਾਈਟ 'ਤੇ ਅਪਲੋਡ ਹੀ ਨਹੀਂ ਕੀਤਾ ਗਿਆ। ਸਗੋਂ ਸਿਰਫ ਤੇ ਸਿਰਫ ਮੈਰਿਟ ਸੂਚੀਆਂ ਹੀ ਜਾਰੀ ਕੀਤੀਆਂ ਗਈਆਂ ਹਨ। ਜਿਹੜੇ ਬੱਚੇ 12ਵੀ 'ਚੋਂ ਮੈਰਿਟ ਹਾਸਲ ਕਰ ਪਾਸ ਹੋਏ, ਕੇਵਲ ਉਹਨ੍ਹਾਂ ਬੱਚਿਆਂ ਦੇ ਨਾਮ ਹੀ ਮੀਡੀਆ ਨੂੰ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਕੀਤੇ ਗਏ ਨਾ ਕਿ ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ 12ਵੀਂ ਦਾ ਪੂਰਾ ਨਤੀਜਾ ਪਾਇਆ ਗਿਆ ਤੇ ਨਾ ਹੀ ਨਤੀਜੇ ਐਲਾਨਣ ਦਾ ਹਾਲੇ ਤੱਕ ਕੋਈ ਸਮਾਂ ਦੱਸਿਆ ਗਿਆ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਦੀ ਇਸ ਸਬੰਧੀ ਚਿੰਤਾ ਵਧੀ ਹੋਈ ਹੈ ਕਿ ਜਿਹੜੇ ਮੈਰਿਟ 'ਚ ਬੱਚੇ ਆ ਗਏ, ਉਨ੍ਹਾਂ ਦਾ ਤਾਂ ਸਹੀ ਹੈ, ਪਰ ਜਿਹੜੇ ਮੈਰਿਟ ਸੂਚੀਆਂ 'ਚ ਸ਼ਾਮਲ ਨਹੀਂ ਹਨ, ਉਨ੍ਹਾਂ ਬੱਚਿਆਂ ਦੇ ਨਤੀਜੇ ਐਲਾਨਣ ਲਈ ਦੇਰੀ ਕਿਉਂ ਕੀਤੀ ਜਾ ਰਹੀ ਹੈ?
ਇਸ ਸਬੰਧੀ ਬਾਬੂਸ਼ਾਹੀ ਨੇ ਜਦੋਂ ਸਿੱਖਿਆ ਬੋਰਡ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਅਧਿਕਾਰੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪਰ ਜਦੋਂ ਸੈਕਟਰੀ ਐਜੂਕੇਸ਼ਨ ਨਾਲ ਗੱਲ ਹੋਈ ਤਾਂ ਉਨ੍ਹਾਂ ਆਖਿਆ ਕਿ ਇਹ ਫੈਸਲਾ ਬੋਰਡ ਅਧੀਨ ਹੈ ਤੇ ਬੋਰਡ ਹੀ ਨਤੀਜੇ ਐਲਾਨਣ ਦਾ ਸਮਾਂ ਤੈਅ ਕਰਦਾ ਹੈ। ਜਦੋਂ ਬੋਰਡ ਦੇ ਚੇਅਰਮੈਨ ਨਾਲ ਸੰਪਰਕ ਕੀਤਾ ਗਿਆ ਤਾਂ ਚੇਅਰਮੈਨ ਦੁਆਰਾ ਫੋਨ ਦਾ ਜਵਾਬ ਨਾ ਦਿੱਤਾ ਗਿਆ ਤੇ ਨਾ ਹੀ ਮੈਸੇਜ ਦਾ ਕੋਈ ਰਿਪਲਾਈ ਕੀਤਾ ਗਿਆ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀਬੀਐਸਸੀ ਦੁਆਰਾ ਵੀ ਨਤੀਜੇ ਐਲਾਨੇ ਗਏ ਸਨ ਜਿੰਨ੍ਹਾਂ ਬਾਰੇ ਬੋਰਡ ਨੇ ਪਹਿਲੋਂ ਹੀ ਐਲਾਨ ਕਰ ਦਿੱਤਾ ਸੀ ਕਿ ਕਿੰਨੇ ਸਮੇਂ 'ਤੇ ਨਤੀਜੇ ਉਨ੍ਹਾਂ ਦੀ ਵੈੱਬਸਾਈਟ 'ਤੇ ਦੇਖੇ ਜਾ ਸਕਦੇ ਹਨ।