ਫਿਰੋਜ਼ਪੁਰ 13 ਮਈ (ਗੁਰਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ +2 ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਖ਼ਾਸ ਦੀਆਂ ਦੋ ਵਿਦਿਆਰਥਣਾਂ ਰਮਨਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ 431/450 ਅੰਕ ਪ੍ਰਾਪਤ ਕਰਕੇ ਜਿਥੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਉੱਥੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿੱਚੋਂ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਗੌਰਤਲਬ ਹੈ ਕਿ ਪੂਰੇ ਪੰਜਾਬ ਵਿੱਚ ਦੋ ਲੱਖ ਉਣਹੱਤਰ ਹਜ਼ਾਰ ਦੋ ਸੌ ਅਠਾਈ ( 269228 ) ਵਿਦਿਆਰਥੀਆਂ ਨੇ + 2 ਦਾ ਇਮਤਿਹਾਨ ਦਿੱਤਾ ਜਿਸ ਵਿੱਚ ਉਪਰੋਕਤ ਵਿਦਿਆਰਥਣਾਂ ਨੇ 17ਵਾਂ ਸਥਾਨ ਪ੍ਰਾਪਤ ਕੀਤਾ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ । ਇਹਨਾਂ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਲਈ ਜਿਲ੍ਹਾ ਸਿੱਖਿਆ ਅਫਸਰ ( ਸੈ.ਸਿੱ) ਨੇਕ ਸਿੰਘ , ਉੱਪ ਜਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿੱ ) ਕੋਮਲ ਅਰੋੜਾ , ਉੱਪ-ਜ਼ਿਲ੍ਹਾ ਸਿੱਖਿਆ ਅਫਸਰ ( ਐ.ਸਿੱ ) ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਮੱਲਾਂਵਾਲਾ ਪਹੁੰਚੇ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪ੍ਰਧਾਨ ਨਗਰ ਪੰਚਾਇਤ ਰੌਸ਼ਨ ਲਾਲ ਬਿੱਟਾ ਅਤੇ ਸਮੂਹ ਸਟਾਫ਼ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ ਨਗਰ ਪੰਚਾਇਤ ਦਫ਼ਤਰ ਤੋਂ ਖੁੱਲ੍ਹੀ ਜੀਪ ਵਿੱਚ ਹਾਰ ਪਾ ਕੇ ਢੋਲ ਦੇ ਨਗਾਰਿਆਂ ਨਾਲ ਸਕੂਲ ਵਿੱਚ ਲਿਆਂਦਾ ਗਿਆ, ਜਿੱਥੇ ਇਹਨਾਂ ਹੋਣਹਾਰ ਵਿਦਿਆਰਥੀਣਾਂ ਦੇ ਸਨਮਾਨ ਵਿੱਚ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹਨਾਂ ਵਿਦਿਆਰਥਣਾਂ ਅਤੇ 90 % ਵੱਧ ਅੰਕ ਲੈਣ ਵਾਲੇ ਹੋਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿੱ) ਫਿਰੋਜ਼ਪੁਰ ਵੱਲੋਂ ਇਹਨਾਂ ਵਿਦਿਆਰਥਣਾਂ ਨੂੰ 11000 - 11000 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ +2 ਕਲਾਸ ਵਿੱਚੋਂ 7 ਬੱਚਿਆਂ ਦੇ 90 % ਤੋਂ ਵੱਧ ਅਤੇ 29 ਬੱਚਿਆਂ ਦੇ 80 % ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਅੰਤ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ , ਸਮੂਹ ਸਕੂਲ ਸਟਾਫ ਅਤੇ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ ।