ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 16 ਮਈ 2019 - ਪਿਛਲੇ ਦਿਨੀਂ 12ਵੀਂ ਦੇ ਆਏ ਨਤੀਜਿਆਂ 'ਚੋਂ ਸਾਇੰਸ ਅਤੇ ਕਾਮਰਸ ਵਿਸ਼ਿਆਂ 'ਚੋਂ 14-14 ਨੰਬਰਾਂ ਦੇ ਪਏ ਘਚੋਲੇ ਨੂੰ ਦੂਰ ਕਰਦਿਆਂ ਪੰਜਾਬ ਸਿੱਖਿਆ ਬੋਰਡ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਪੰਜਾਬ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਨੇ ਬਾਬੂਸ਼ਾਹੀ ਕੋਲ ਇਸ ਗੱਲ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਕਈ ਬੱਚਿਆਂ ਦੇ 14-14 ਨੰਬਰ ਆਉਣਾ ਕੋਈ ਤਕਨੀਕੀ ਨੁਕਸ ਨਹੀਂ ਬਲਕਿ ਬੋਰਡ ਦਾ ਪਾਸ ਫਾਰਮੂਲਾ ਹੈ ਤਾਂ ਜੋ ਕਿਸੇ ਵੀ ਵਿਸ਼ੇ 'ਚੋਂ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਗ੍ਰੇਸ ਨੰਬਰ ਦੇ ਕੇ ਪਾਸ ਕੀਤਾ ਜਾ ਸਕੇ ਤਾਂ ਜੋ ਬੱਚੇ ਨੂੰ 12ਵੀਂ ਤੋਂ ਬਾਅਦ ਕਾਲਜ 'ਚ ਦਾਖਲਾ ਮਿਲ ਸਕੇ।
ਬੋਰਡ ਦੇ ਡਾਇਰੈਕਟਰ ਅਕੈਡਮਿਕ ਮਨਜੀਤ ਕੌਰ ਨੇ ਬਾਬੂਸ਼ਾਹੀ ਨੂੰ ਵਿਸਥਾਰਪੂਰਵਕ ਦੱਸਿਆ ਕਿ ਸਾਇੰਸ ਦੇ ਵਿਸ਼ੇ 'ਚੋਂ ਕਈ ਬੱਚਿਆਂ ਦੇ 14 ਨੰਬਰ ਵੀ ਇਸੇ ਕਰਕੇ ਆਏ ਹਨ ਕਿ ਉਨ੍ਹਾਂ ਬੱਚਿਆਂ ਨੂੰ ਗ੍ਰੇਸ ਮਾਰਕਸ ਦੇ ਕੇ ਪਾਸ ਕੀਤਾ ਗਿਆ ਹੈ। ਉਨ੍ਹਾਂ ਇਸ ਫਾਰਮੂਲੇ ਨੂੰ ਹੋਰ ਸਪਸ਼ਟ ਕਰਦਿਆਂ ਦੱਸਿਆ ਕਿ ਜਿੰਨ੍ਹਾਂ ਬੱਚਿਆਂ ਦੀ ਰੀਅਪੀਅਰ ਸੀ, ਉਨ੍ਹਾਂ ਦੇ 20 ਪ੍ਰਤੀਸ਼ਤ ਨੰਬਰ ਬਣਾਉਣ ਵਾਸਤੇ ਹੀ 14 ਨੰਬਰ ਕੀਤੇ ਗਏ ਹਨ ਕਿਉਂਕਿ ਇਹ ਕਿਸੇ ਵੀ ਯੂਨੀਵਰਸਿਟੀ/ਕਾਲਜ ਦਾ ਨਿਯਮ ਹੀ ਹੈ ਕਿ ਜਿਸ ਪੇਪਰ 'ਚੋਂ ਬੱਚਾ 20 ਪ੍ਰਤੀਸ਼ਤ ਤੋਂ ਘੱਟ ਨੰਬਰਾਂ ਨਾਲ ਫੇਲ੍ਹ ਹੈ ਉਸ ਨੂੰ ਕਾਲਜ 'ਚ ਦਾਖਲਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਕੁੱਲ ਨੰਬਰ 450 ਹਨ ਤੇ ਜਿਸ 'ਚ ਉਹ 1 ਪ੍ਰਤੀਸ਼ਤ ਗ੍ਰੇਸ ਦੇ ਸਕਦੇ ਹਨ ਜੋ ਕਿ 5 ਨੰਬਰ ਬਣਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚਿਆਂ ਦੇ ਫਿਜ਼ਿਕਸ ਦੇ ਵਿਸ਼ੇ 'ਚੋਂ 14-14 ਨੰਬਰ ਆਏ ਹਨ, ਇਹ ਉਨ੍ਹਾਂ ਨੂੰ 5 ਨੰਬਰ ਦੀ ਗ੍ਰੇਸ ਹੀ ਮਿਲੀ ਹੈ ਨਾ ਕਿ ਕੋਈ ਮਾਰਕਿੰਗ 'ਚ ਗੜਬੜੀ ਹੋਈ ਹੈ।
ਸੋ, ਪੰਜਾਬ ਸਿੱਖਿਆ ਬੋਰਡ ਨੇ ਆਪਣੇ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਇਕੱਠਾ ਕਈ ਬੱਚਿਆਂ ਦੇ 14-14 ਨੰਬਰ ਆ ਜਾਣਾ ਕੋਈ ਮਾਰਕਿੰਗ 'ਚ ਗੜਬੜੀ ਨਹੀਂ ਸਗੋਂ ਜੋ ਵਿਭਾਗ ਦਾ ਨਿਯਮ ਹੈ, ਉਸੇ ਮੁਤਾਬਕ ਸਾਰੇ ਬੱਚਿਆਂ ਨੂੰ ਨੰਬਰ ਦਿੱਤੇ ਗਏ ਹਨ। ਪਰ ਦੂਜੇ ਪਾਸੇ 14-14 ਅੰਕ ਹਾਸਲ ਕਰਨ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਇਸ ਸਪਸ਼ਟੀਕਰਨ ਨਾਲ ਸੰਤੁਸ਼ਟੀ ਹੁੰਦੀ ਹੈ ਜਾਂ ਨਹੀਂ, ਇਹ ਤਾਂ ਪੇਪਰਾਂ ਦੀ ਰੀਚੈੱਕਿੰਗ ਤੋਂ ਬਾਅਦ ਹੀ ਪਤਾ ਚੱਲੇਗਾ।
ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਨਾਲ ਨੱਥੀ ਹੈ :