ਪਰਮਿੰਦਰ ਬਰਿਆਣਾ
ਹੁਸ਼ਿਆਰਪੁਰ, 12 ਜੁਲਾਈ 2019 - ਕਦੇ ਇਹ ਸਮਾਂ ਸੀ ਕਿ ਜਦੋਂ ਸਿੱਖਿਆ ਸੈਕਟਰੀ ਕ੍ਰਿਸ਼ਨ ਕੁਮਾਰ ਕਿਸੇ ਜਿਲ੍ਹੇ ਵਿਚ ਜਾਂਦੇ ਸਨ ਤਾਂ ਉੱਥੋ ਦੇ ਸਰਕਾਰੀ ਸਕੂਲਾਂ ਵਿਚ ਹੜਕੰਪ ਮਚ ਜਾਂਦਾ ਸੀ ਤੇ ਅਧਿਆਪਕ ਤਦ ਇਹ ਦੁਆ ਕਰਦੇ ਹੁੰਦੇ ਸਨ ਕਿ ਕਿਤੇ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਸਕੂਲ ਵਿਚ ਨਾ ਆ ਜਾਵੇ ਲੇਕਿਨ ਹਾਲਾਤ ਬਦਲਦੇ ਸਮਾਂ ਨਹੀਂ ਲੱਗਦਾ ਹਾਲਾਤ ਇਸ ਤਰ੍ਹਾਂ ਬਦਲੇ ਕਿ ਅਧਿਆਪਕ ਅੱਜ ਇਹ ਦੁਆ ਕਰਦੇ ਰਹੇ ਸਨ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਸਕੂਲ ਵਿਚ ਕਿਉਂ ਨਹੀਂ ਆਏ, ਇਸ ਤਰ੍ਹਾਂ ਦਾ ਮੰਜਰ ਅੱਜ ਹੁਸ਼ਿਆਰਪੁਰ ਵਿਚ ਦੇਖਣ ਨੂੰ ਮਿਲਿਆ ਜਿੱਥੇ ਅਧਿਆਪਕ ਇਹ ਕਹਿ ਰਹੇ ਸਨ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਸਕੂਲ ਵਿਚ ਕਿਉਂ ਨਹੀਂ ਆਏ।
ਹੋਇਆ ਇੰਝ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀਰਵਾਰ ਸਵੇਰੇ ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਵਿਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਚ ਸਵੇਰੇ 7.30 ਵਜੇ ਤੋਂ ਕੁਝ ਮਿੰਟ ਪਹਿਲਾ ਹੀ ਪਹੁੰਚ ਗਏ ਤੇ ਉਨ੍ਹਾਂ ਦੇਖਿਆ ਕਿ ਸਕੂਲ ਵਿਚ ਮੈਥ ਲੈਕਚਰਾਰ ਹਰਬਿਲਾਸ ਸਿੰਘ ਬੰਗਾ ਤੇ ਬਾਓ ਦੇ ਲੈਕਚਰਾਰ ਰਾਜਕੁਮਾਰ ਵੀ ਪਲਸ ਟੂ ਦੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਸਬਜੈਕਟ ਦਾ ਓਵਰ ਟਾਈਮ ਲਗਾ ਰਹੇ ਸਨ ਤੇ ਸਕੂਲ ਦਾ ਮੁਆਇਨਾ ਕਰਦੇ ਹੋਏ ਕ੍ਰਿਸ਼ਨ ਕੁਮਾਰ ਨੇ ਜਿੱਥੇ ਟੀਚਰਾਂ ਨਾਲ ਗੱਲਾਂ ਕੀਤੀਆਂ, ਸਵੇਰ ਦੀ ਪ੍ਰਾਥਨਾ ਦੇਖੀ ਤੇ ਮੈਥ ਦੀ ਕਲਾਸ ਵਿਚ ਉਨ੍ਹਾਂ ਨੇ ਬੋਰਡ 'ਤੇ ਵਿਦਿਆਰਥੀਆਂ ਨੂੰ ਕੁਝ ਸਵਾਲ ਵੀ ਸਮਝਾਏ ਤੇ ਇਹ ਸਾਰਾ ਕੁਝ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ 'ਤੇ ਲਾਈਵ ਚੱਲ ਰਿਹਾ ਸੀ ਤੇ ਬਕਾਇਦਾ ਤੌਰ 'ਤੇ ਫੇਸਬੁਕ ਪੇਜ 'ਤੇ ਸਕੂਲ ਦੀ ਪ੍ਰਸ਼ੰਸ਼ਾ ਵੀ ਹੋ ਰਹੀ ਸੀ ਤੇ ਖਾਸ ਗੱਲ ਤਾਂ ਇਹ ਰਹੀ ਕਿ ਇਸ ਦੌਰਾਨ ਸਕੂਲ ਦੇ ਟੀਚਰ ਬਿਨਾ ਕਿਸੇ ਡਰ ਤੋਂ ਕ੍ਰਿਸ਼ਨ ਕੁਮਾਰ ਨਾਲ ਗੱਲ ਕਰਦੇ ਰਹੇ ਤੇ ਉਨ੍ਹਾਂ ਨੇ ਵੀ ਹਰ ਗੱਲ ਗੌਰ ਨਾਲ ਸੁਣੀ।
ਇਸ ਦੌਰਾਨ ਸਕੂਲ ਇੰਚਾਰਜ ਹਰਬਿਲਾਸ ਬੰਗਾ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਕਰਵਾਈ ਤੇ ਇਸ ਦੌਰਾਨ ਕ੍ਰਿਸ਼ਨ ਕੁਮਾਰ ਨੇ ਟੀਚਰ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਹਾ ਤੇ ਖੁਦ ਕਲਾਸ ਰੂਮ ਵਿਚ ਵਿਦਿਆਰਥੀਆਂ ਨਾਲ ਇਕ ਬੈਂਚ 'ਤੇ ਬੈਠ ਗਏ, ਇਸ ਪਿੱਛੋ ਉਹ ਵਿਦਿਆਰਥੀਆਂ ਨਾਲ ਸਕੂਲ ਦੀ ਪ੍ਰਾਥਨਾ ਸਭਾ ਵਿਚ ਭਾਗ ਲੈਣ ਲਈ ਚਲੇ ਗਏ ਤੇ ਉੱੱਥੇ ਪ੍ਰਾਥਨਾ ਵਿਚ ਵਿਦਿਆਰਥੀਆਂ ਦੀ ਐਕਟੀਵਿਟੀ ਦੇਖ ਕੇ ਕਾਫੀ ਪ੍ਰਸੰਨ ਹੋਏ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨਾਲ ਸਵਾਲ ਜਵਾਬ ਦਾ ਦੌਰ ਚਲਾਇਆ ਤੇ ਉਨ੍ਹਾਂ ਨੂੰ ਜਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਪਿੱਛੋ ਉਨ੍ਹਾਂ ਛੇਵੀਂ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਕਤ ਵਿਦਿਆਰਥੀਆਂ ਨੂੰ ਸਕੂਲ ਦੀ ਲਾਈਬ੍ਰੇਰੀ ਵਿਚੋ ਇਕ-ਇਕ ਕਿਤਾਬ ਕੱਢ ਕੇ ਭੇਂਟ ਕੀਤੀ ਤੇ ਸੰਦੇਸ਼ ਦਿੱਤਾ ਕਿ ਬੱਚਿਓ ਤੁਸੀਂ ਰੋਜਾਨਾ ਇਹ ਕਿਤਾਬਾਂ ਬਦਲ-ਬਦਲ ਕੇ ਪੜ੍ਹੋ ਤੇ ਫਿਰ ਕਿਤਾਬ ਵਿਚੋ ਮਿਲੇ ਸੰਦੇਸ਼ ਨੂੰ ਲਿਖ ਕੇ ਆਪਣੇ ਅਧਿਆਪਕਾਂ ਨਾਲ ਸਾਂਝਾ ਕਰੋ। ਇਸ ਮੌਕੇ ਸਕੂਲ ਇੰਚਾਰਜ ਹਰਬਿਲਾਸ ਬੰਗਾ, ਰਾਜਕੁਮਾਰ ਬਾਇਓ ਲੈਕਚਰਾਰ, ਸੁਨੀਤਾ ਕੁਮਾਰੀ ਲੈਕਚਰਾਰ, ਕਿਰਨ ਬਾਲਾ ਲੈਕਚਰਾਰ, ਸੁਖਵਿੰਦਰ ਸਿੰਘ ਪੀਟੀਆਈ, ਪ੍ਰਦੀਪ ਕੁਮਾਰ ਹੈਲਥ ਟੀਚਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਕੁਮਾਰ ਨਾਲ ਯਾਦਗਾਰੀ ਫੋਟੋ ਵੀ ਕਰਵਾਈ।
ਕਿਉ ਉਡੀਕਦੇ ਰਹੇ ਦੂਸਰੇ ਸਕੂਲਾਂ ਵਾਲੇ ਸਿੱਖਿਆ ਸਕੱਤਰ ਨੂੰ
ਅਸਲ ਵਿਚ ਪੰਜਾਬ ਸਰਕਾਰ ਨੇ ਕ੍ਰਿਸ਼ਨ ਕੁਮਾਰ ਦੇ ਸਮਾਰਟ ਸਕੂਲ ਪ੍ਰੋਗਰਾਮ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਤੇ ਹੁਸ਼ਿਆਰਪੁਰ ਜਿਲ੍ਹੇ ਵਿਚ 21 ਸਮਾਰਟ ਸਕੂਲ ਬਣੇ ਹਨ, ਜਿਸ 'ਤੇ 5 ਤੋਂ ਲੈ ਕੇ 12 ਲੱਖ ਰੁਪਏ ਤੱਕ ਖਰਚ ਹੋਏ ਹਨ, ਉਕਤ ਸਕੂਲਾਂ ਵਿਚ ਸਮਾਰਟ ਕਲਾਸ ਰੂਮ ਦੇ ਨਾਲ-ਨਾਲ ਬੜੇ ਪ੍ਰਾਈਵੇਟ ਸਕੂਲਾਂ ਨੂੰ ਮੁਕਾਬਲਾ ਦੇਣ ਲਈ ਆਧੁਨਿਕ ਸੁਵਿਧਾਵਾਂ ਵੀ ਦਿੱਤੀਆਂ ਗਈਆਂ, ਇਸ ਦੇ ਨਾਲ ਹੀ ਕ੍ਰਿਸ਼ਨ ਕੁਮਾਰ ਨੇ ਟੀਚਰਾਂ ਨੂੰ ਉਤਸ਼ਾਹਿਤ ਕਰ ਐਨਆਰਆਈਜ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਲਈ ਵੀ ਅੱਗੇ ਆਉਣ ਲਈ ਕਿਹਾ ਸੀ, ਜਿਸ ਪਿੱਛੋ ਹੁਸ਼ਿਆਰਪੁਰ ਜਿਲ੍ਹੇ ਅੰਦਰ ਹੀ 60 ਤੋਂ ਜਿਆਦਾ ਸੈਲਫ ਮੇਡ ਸਮਾਰਟ ਸਕੂਲ ਟੀਚਰਾਂ ਵੱਲੋਂ ਤਿਆਰ ਕੀਤੇ ਗਏ ਤੇ ਉਕਤ ਟੀਚਰ ਅੱਜ ਚਾਹੁੰਦੇ ਸਨ ਕਿ ਕ੍ਰਿਸ਼ਨ ਕੁਮਾਰ ਆ ਕੇ ਉਨ੍ਹਾਂ ਵੱਲੋਂ ਕੀਤੇ ਕੰਮ ਨੂੰ ਜਰੂਰ ਦੇਖਣ, ਇਸ ਤਰ੍ਹਾਂ ਦਾ ਹੀ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਹਿ ਸਿੰਘ ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ ਨੇ ਸਰਕਾਰੀ ਗ੍ਰਾਂਟ ਤੋਂ ਇਲਾਵਾ ਐਨਆਰਆਈਜ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਸਕੂਲ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਤੇ ਉਕਤ ਸਕੂਲ ਵਿਚ ਵਿਦਿਆਰਥੀਆਂ ਨੂੰ ਟਰਾਂਸਪੋਰਟ ਤੱਕ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਤੋਂ ਇਲਾਵਾ ਕਈ ਹੋਰ ਸਕੂਲਾਂ ਦੇ ਟੀਚਰ ਵੀ ਚਾਹੁੰਦੇ ਸਨ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਸਕੂਲ ਪਹੁੰਚਣ ਤੇ ਇਸ ਲਈ ਉਹ ਬਕਾਇਦਾ ਤੌਰ 'ਤੇ ਟੀਚਰਾਂ ਦੇ ਬਣੇ ਵਹਟਸਐਪ ਗਰੁੱਪ 'ਤੇ ਮੈਸੇਜ ਵੀ ਪਾ ਰਹੇ ਸਨ।
ਟੀਚਰਾਂ ਤੋਂ ਹੀ ਨਵੀਆਂ ਤਕਨੀਕਾਂ ਦਾ ਪਤਾ ਚੱਲਿਆ-ਕ੍ਰਿਸ਼ਨ ਕੁਮਾਰ
ਪੱਦੀ ਸੂਰਾ ਸਿੰਘ ਦੇ ਬਾਅਦ ਕ੍ਰਿਸ਼ਨ ਕੁਮਾਰ ਦਸੂਹਾ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੋਟਾ ਵਿਚ ਚੱਲ ਰਹੇ ਟੀਚਰਾਂ ਦੇ ਟ੍ਰੇਨਿੰਗ ਸੈਮੀਨਾਰ ਵਿਚ ਪੁੱਜ ਗਏ, ਜਿੱਥੇ ਕਿ ਪ੍ਰਾਈਮਰੀ ਟੀਚਰਾਂ ਦਾ ਸੈਮੀਨਾਰ ਲੱਗਾ ਹੋਇਆ ਸੀ ਤੇ ਉੱਥੇ ਟੀਚਰ ਛੋਟੇ ਬੱਚਿਆਂ ਨੂੰ ਪੜ੍ਹਾਉਣ ਲਈ ਗਾਇਕੀ ਦਾ ਇਸਤੇਮਾਲ ਕਰ ਰਹੇ ਸਨ, ਜਿਸਦੀ ਕ੍ਰਿਸ਼ਨ ਕੁਮਾਰ ਵੀਡਿਓ ਬਣਾਉਦੇ ਰਹੇ ਤੇ ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਕ ਅਜਿਹੀ ਜਾਣਕਾਰੀ ਮਿਲੀ ਹੈ ਕਿ ਟੀਚਰਾਂ ਦਾ ਇਕ ਵਹਟਸਐਪ ਗਰੁੱਪ ਬਣਿਆ ਹੋਇਆ ਹੈ, ਜਿਸ ਵਿਚ ਟੀਚਰ ਇਕ-ਦੂਜੇ ਨਾਲ ਪੜ੍ਹਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਸ਼ੇਅਰ ਕਰ ਰਹੇ ਸਨ, ਜਿਸ ਬਾਰੇ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਤੇ ਉੱਥੇ ਖਾਸਕਰ ਮਹਿਲਾ ਟੀਚਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਕਿਹਾ ਕਿ ਉਨ੍ਹਾਂ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਇਸ ਉਪਰੰਤ ਕ੍ਰਿਸ਼ਨ ਕੁਮਾਰ ਗੁਰਦਾਸਪੁਰ ਤੇ ਪਠਾਨਕੋਟ ਲਈ ਰਵਾਨਾ ਹੋ ਗਏ।