ਸਿਖਿਆ ਚੰਗੇ ਸਮਾਜ ਦੀ ਸਿਰਜਣਾ ਦਾ ਮੂਲ ਸਾਧਨ: ਉਚੇਰੀ ਸਿਖਿਆ ਮੰਤਰੀ
ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਖੋਜਾਰਥੀਆਂ-ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ
ਪਵਿੱਤਰ ਤੇ ਇਤਿਹਾਸਕ ਸ਼ਹਿਰ, ਸ੍ਰੀ ਅੰਮਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਇਕ ਵਿਸ਼ੇਸ਼ 'ਕੌਫੀ ਟੇਬਲ ਬੁਕ' ਰਿਲੀਜ਼
ਅੰਮ੍ਰਿਤਸਰ, 19 ਜੁਲਾਈ, 2019: ਮਾਨਯੋਗ ਉਚੇਰੀ ਸਿਖਿਆ ਮੰਤਰੀ ਪੰਜਾਬ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੌਰਾਨ ਸਮਾਜ ਵੱਡੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਜਿਨ੍ਹਾਂ ਵਿਚ ਧਰਤੀ ਹੇਠਲੀ ਜਲ ਦੀ ਕਮੀ, ਵਾਤਾਵਰਣ, ਨਸ਼ਾ, ਸਮਾਜਿਕ ਕਦਰਾਂ ਕੀਮਤਾਂ ਵਿਚ ਨਿਘਾਰ ਅਤੇ ਮੋਬਾਈਲ ਦੀ ਦੁਰਵਰਤੋਂ ਆਦਿ ਸ਼ਾਮਿਲ ਹੈ। ਕੋਈ ਵੀ ਸਿਖਿਆ ਅਦਾਰਾ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਡਿਗਰੀ ਪ੍ਰਾਪਤ ਕਰਨਾ ਕੇਵਲ ਨੌਕਰੀ ਆਦਿ ਤਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਸਮਾਜ ਵਿਚ ਚੰਗੇ ਵਰਤੋਂ-ਵਰਤਾਓ ਦਾ ਆਧਾਰ ਹੋਣਾ ਚਾਹੀਦਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਯੀਅਰ ਕਾਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੁੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਪ੍ਰਸਿੱਧ ਵਿਦਵਾਨ ਤੇ ਖਿਡਾਰੀ ਰਾਜਾ ਰਣਧੀਰ ਸਿੰਘ, ਲਾਈਫ ਟਾਈਮ ਵਾਈਸ ਪ੍ਰੈਜ਼ੀਡੈਂਟ ਆਫ ਓਲੰਪਿਕ ਕੌਂਸਲ ਆਫ ਏਸ਼ੀਆ ਅਤੇ ਡਾ. ਗੁਰਤੇਜ ਸਿੰਘ ਸੰਧੂ, ਸੀਨੀਅਰ ਫੈਲੋ ਐਂਡ ਵਾਈਸ ਪ੍ਰੈਜ਼ੀਡੈਂਟ ਮਾਈਕਰੋਨ ਟੈਕਨਾਲੋਜੀ ਨੂੰ ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ; ਸ. ਸੁਖਜਿੰਦਰ ਸਿੰਘ ਰੰਧਾਵਾ ,ਸ. ਸੁਖਬਿੰਦਰ ਸਿੰਘ ਸਰਕਾਰੀਆ; ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ; ਡਾ. ਰਾਜਕੁਮਾਰ ਵੇਰਕਾ ਅਤੇ ਸ੍ਰੀ ਸੁਨੀਲ ਦੱਤੀ, ਡਾ. ਧਰਮਵੀਰ ਅਗਨੀਹੋਤਰੀ,ਹਰਪ੍ਰਤਾਪ ਸਿੰਘ ਅਜਨਾਲਾ,ਤਰਸੇਮ ਸਿੰਘ ਡੀਸੀ (ਸਾਰੇ ਵਿਧਾਇਕ) , ਇੰਪਰੂਵਮੈਂਟ ਟੱਰਸਟ ਦੇ ਚੇਅਰਮੈਨ ਦਿਨੇਸ਼ ਬਸੀ,ਡਿਪਟੀ ਮੇਅਰ ਰਮਨ ਬਖਸ਼ੀ, ਕਾਂਗਰਸ ਦਿਹਾਤੀ ਜਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਇਸ ਮੌਕੇ ੧੭੩ ਗੋਲਡ ਮੈਡਲ, ੧੫ ਮੈਮੋਰੀਅਲ ਮੈਡਲ, ਸ਼੍ਰੀ ਸ਼ਾਮ ਸੁੰਦਰ ਮੈਮੋਰੀਅਲ ਟਰਾਫੀ, ੧੭੯ ਪੀ.ਐੱਚ.ਡੀ., ੨੧ ਐੱਮ. ਫਿਲ, ੨੫੬ ਮਾਸਟਰ ਅਤੇ ੨੫੬ ਬੈਚਲਰ ਡਿਗਰੀਆਂ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ।
ਸ੍ਰ. ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੦੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਤ ਕੀਤੀ ਗਈ ਇਹ ਯੂਨੀਵਰਸਿਟੀ ਹੁਣ ਗੁਰੂ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੀ ਗੋਲਡਨ ਜੁਬਲੀ ਵੀ ਮਨਾ ਜਾ ਰਹੀ ਹੈ। ਉਨਾਂ੍ਹ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਉਦੇਸ਼ ਨਾਲ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ । ਉਹ ਕਾਰਜ ਯੂਨੀਵਰਸਿਟੀ ਬਾਖੂਬੀ ਨਿਭਾਅ ਰਹੀ ਹੈ ਅਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਯੂਨੀਵਿਰਸਿਟੀ ਅੱਜ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸਿਖਿਆ ਸਬੰਧੀ ਗੁਰੂ ਜੀ ਦਾ ਉਪਦੇਸ਼ ਸੀ ਕਿ ਇਸ ਦਾ ਮੂਲ ਮਨੋਰਥ ਮਨੁੱਖ ਨੂੰ ਗਿਆਨਵਾਨ ਬਣਾਉਂਦੇ ਹੋਏ ਮਨੁੱਖਤਾ ਦੀ ਭਲਾਈ ਕਰਨਾ ਹੈ। ਸਿਖਿਆ ਦੇ ਜ਼ਰੀਏ ਹੀ ਨਫਰਤ, ਸੰਪਰਦਾਇਕਤਾ ਅਤੇ ਕੱਟੜਵਾਦ ਵਰਗੀਆਂ ਨਾਕਾਰਾਤਮਕ ਰੁਝਾਨਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਗੁਣਵਤਾ ਭਰਪੂਰ ਮਨੁੱਖੀ ਸਰੋਤ ਦਾ ਅਹਿਮ ਸਾਧਨ ਹੈ। ਇਹ ਅਜਿਹੀ ਸ਼ਕਤੀ ਹੈ ਜਿਸ ਨਾਲ ਚੰਗੇਰੇ, ਸਿਹਤਮੰਦ ਅਤੇ ਰਚਨਾਤਮਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਲਈ ਵਿਧੀਵਤ ਢੰਗ ਨਾਲ ਅਜਿਹੀ ਸਿਖਿਆ ਦੀ ਵਿਵਸਥਾ ਕਰੀਏ ਜੋ ਉਨ੍ਹਾਂ ਵਿਚ ਰੁਜ਼ਗਾਰ ਹੁਨਰ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਹੀ ਫੈਸਲਾ ਲੈਣ ਦੇ ਯੋਗ ਬਣਾਉਂਦੇ ਹੋਏ ਚੰਗੇ ਇਨਸਾਨ ਬਣਾਏ।
ਉਨ੍ਹਾਂ ਵਧ ਰਹੇ ਮੋਬਾਈਲ ਦੇ ਰੁਝਾਨ ਦੀ ਗੱਲ ਕਰਦਿਆਂ ਕਿਹਾ ਕਿ ਮੋਬਾਈਲ ਨੇ ਜਿਥੇ ਸਾਡੇ ਸਮਾਜ ਨੂੰ ਬਹੁਤ ਸੁਖਾਵਾਂ ਬਣਾਇਆ ਹੈ ਉਥੇ ਸਾਡੇ ਨੌਜੁਆਨਾਂ, ਬੱਚਿਆਂ ਅਤੇ ਇਥੋਂ ਤਕ ਵੱਡਿਆਂ ਵਿਚ ਇਸ ਦੇ ਨਾਕਾਰਤਮਕ ਰੁਝਾਨ ਵਧਾਏ ਹਨ। ਉਨਾਂ੍ਹ ਕਿਹਾ ਕਿ ਮੋਬਾਈਲ ਜਿਥੇ ਸਾਨੂੰ ਨੇੜੇ ਲਿਆ ਰਿਹਾ ਹੈ ਉਥੇ ਹੀ ਭਾਵਾਨਤਮਕ ਦੂਰੀ ਕੋਹਾਂ ਵਿਚ ਵਧ ਗਈ ਹੈ। ਉਨਾਂ੍ਹ ਕਿਹਾ ਕਿ ਇਸ ਦੀ ਦੁਰਵਰਤੋਂ ਨਾਲ ਜਿਥੇ ਦਿੱਸਦੇ-ਅਣਦਿੱਸਦੇ ਮਨੋਰੋਗ ਵਧ ਰਹੇ ਹਨ ਉਸਦੇ ਨਾਲ ਨਾਲ ਹੀ ਸਰੀਰਿਕ ਪੱਧਰ 'ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਮੋਬਾਈਲ ਲੋਕਾਂ ਨੂੰ ਆਪਸ ਵਿਚ ਮਿਲਾਉਣ ਦਾ ਕਾਰਜ ਕਰ ਰਿਹਾ ਹੈ ਉਥੇ ਹੀ ਇਹ ਵਿਛੋੜੇ ਦਾ ਵੀ ਸਾਧਨ ਬਣ ਰਿਹਾ ਹੈ।
ਉਨ੍ਹਾਂ ਪੰਜਾਬ ਦੇ ਘੱਟ ਰਹੇ ਪਾਣੀ ਦੇ ਪੱਧਰ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਕੋਲ ਧਰਤੀ ਹੇਠਲਾ ਪਾਣੀ ਦਿਨ ਬ ਦਿਨ ਘਟਦਾ ਜਾ ਰਿਹਾ ਹੈ ਅਤੇ ਇਸ ਦੀ ਉਮਰ ਕੇਵਲ ਵੀਹ ਸਾਲ ਤਕ ਹੀ ਰਹਿ ਰਹੀ ਹੈ। ਅੱਜ ਲੋੜ ਹੈ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਇਸ ਸਬੰਧੀ ਉਪਰਾਲੇ ਕਰਨੇ ਪੈਣਗੇ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਤਰਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 'ਪਵਣੁ ਗੁਰੂ ਪਾਣੀ ਪਿਤਾ' ਜ਼ਰੀਏ ਵਾਤਾਵਰਣ ਦੀ ਮਹਤਵੱਪੂਰਨਤਾ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੁਰਵਰਤੋਂ ਰੋਕਣ ਲਈ ਵੱਡੀਆਂ ਤੋਂ ਵੱਡੀਆਂ ਅਤੇ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਿਖਿਆ ਅਦਾਰਿਆਂ ਨੂੰ ਇਸ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿਖਿਆ ਅਦਾਰਿਆਂ ਨੂੰ ਸਾਡੇ ਮੌਲਿਕ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਗਰੂਕ ਕਰਾਉਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੇ ਮਾੜੇ ਦੀ ਪਛਾਣ ਸਿਖਿਆ ਅਦਾਰਿਆਂ ਅਤੇ ਆਪਣਿਆਂ ਨੇ ਹੀ ਕਰਾਉਣੀ ਹੈ ਅਤੇ ਨੈਤਿਕਤਾ ਦਾ ਪਹਿਲਾ ਪਾਠ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਹਰ ਮਾਪਿਆਂ ਨੂੰ ਲਗਪਗ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਕਿਹੋ ਜਿਹੇ ਹਨ ਪਰ ਸਰਫੇ ਦੇ ਬੱਚੇ ਹੋਣ ਕਰਕੇ ਮਾਤਾ ਪਿਤਾ ਕਮੀਆਂ ਨੂੰ ਅਣਗੌਲਿਆਂ ਕਰਦੇ ਹਨ ਜੋ ਬਾਅਦ ਵਿਚ ਵਿਰਾਟ ਰੂਪ ਧਾਰਨ ਕਰਕੇ ਬੱਚਿਆਂ ਦੇ ਨੁਕਸਾਨ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਪਨਪ ਰਹੀਆਂ ਮਾੜੀਆਂ ਆਦਤਾਂ ਨੂੰ ਅਧਿਆਪਕਾਂ ਅਤੇ ਮਾਪਿਆਂ ਨੂੰ ਮਿਲ ਜੁਲ ਕੇ ਸੁਲਝਾਉਣਾ ਚਾਹੀਦਾ ਹੈ ਅਤੇ ਚੰਗੀ ਸੇਧ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਨਵੀਂ ਨੀਤੀ ਲਾਗੂ ਹੋਣ ਤੋਂ ਪਹਿਲਾਂ ਉਸ ਬਾਰੇ ਸੈਮੀਨਾਰ ਅਤੇ ਮੀਟਿੰਗਾਂ ਰਾਹੀਂ ਆਮ ਜਨਤਾ ਦੀ ਰਾਏ ਵੀ ਸ਼ਾਮਿਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੀਤੀਆਂ ਤੋਂ ਹੁਣ ਵਾਲੇ ਨਫੇ ਨੁਕਸਾਨ ਬਾਰੇ ਘੋਖਿਆ ਜਾ ਸਕੇ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਨਵੀਂ ਸਿਖਿਆ ਨੀਤੀ ਬਾਰੇ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਜਰੂਰੀ ਨਹੀਂ ਕਿਸੇ ਇਕ ਖਿੱਤੇ ਦੀ ਨੀਤੀ ਦੂਜੇ ਖਿੱਤੇ ਦੇ ਅਨੁਕੂਲ ਹੋਵੇ ਕਿਉਂਕਿ ਪ੍ਰਸਿਥਿਤੀਆਂ ਹਰ ਖੇਤਰ ਦੀਆਂ ਵੱਖ ਵੱਖ ਹੁੰਦੀਆਂ ਹਨ।
ਉਨ੍ਹਾਂ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਆਪਣੇ ਖੇਤਰ ਵਿਚ ਹੋਰ ਮਿਹਨਤ ਕਰਨ ਅਤੇ ਕਾਮਯਾਬ ਹੋਣ ਪਰ ਆਪਣਾ ਪਿਛੋਕੜ ਕਦੀ ਨਾ ਭੁੱਲਣ ਕਿਉਂਕਿ ਜੋ ਆਪਣਾ ਪਿਛੋਕੜ ਭੁਲ ਜਾਂਦੇ ਹਨ ਉਨ੍ਹਾਂ ਦੀ ਕਾਮਯਾਬੀ ਵੀ ਅਧੂਰੀ ਰਹਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਚੰਗਿਆਈ ਅਤੇ ਇਛਾ ਸ਼ਕਤੀ ਨੂੰ ਹੋਰ ਦ੍ਰਿੜ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਮਾਣਯੋਗ ਮੰਤਰੀ ਅਤੇ ਕਾਨਵੋਕੇਸ਼ਨ ਵਿੱਚ ਭਾਗ ਲੈਣ ਵਾਲੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਮੰਚ ਦਾ ਸੰਚਾਲਨ ਕੀਤਾ ਜਦੋਂਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ. ਬਹਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਹ ਕਨਵੋਕੇਸ਼ਨ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਈ ਗਈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਆਨਰੇਰੀ ਡਿਗਰੀ ਮਿਲਣ 'ਤੇ ਰਾਜਾ ਰਣਧੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੋ ਮਾਣ ਸਨਮਾਨ ਮਿਲਿਆ ਹੈ ਉਹ ਮੇਰੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਣ ਅਤੇ ਸਨਮਾਨ ਤੁਹਾਡੀ ਕਰਨੀ 'ਤੇ ਆਧਾਰਿਤ ਹੁੰਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕਾਰਜ ਨੂੰ ਆਤਮ ਵਿਸ਼ਵਾਸ, ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕਰਦੇ ਹੋਏ ਕਿਸੇ ਦਾ ਬੁਰਾ ਨਾ ਕਰਦੇ ਹੋਏ ਆਪਣੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਤੋਂ ਬਾਅਦ ਆਨਰੇਰੀ ਡਿਗਰੀ ਮਿਲਣ 'ਤੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਡਾ. ਗੁਰਤੇਜ ਸਿੰਘ ਸੰਧੂ ਨੇ ਕਿਹਾ ਕਿ ਜਿਥੇ ਪੰਜਾਬੀ ਪੂਰੇ ਵਿਸ਼ਵ ਵਿਚ ਕਾਮਯਾਬ ਹਨ ਉਥੇ ਇਹ ਇਕ ਮੰਦਭਾਗੀ ਗੱਲ ਹੈ ਕਿ ਪੰਜਾਬ ਪੱਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿਛੋਕੜ ਨੂੰ ਕਦੀ ਵੀ ਨਹੀਂ ਭੁਲਣਾ ਚਾਹੀਦਾ ਅਤੇ ਪੰਜਾਬ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ। ਆਨਰਜ਼ ਕਾਜ਼ਾ ਡਿਗਰੀਆਂ ਹਾਸਲ ਕਰਨੇ ਵਾਲੀਆ ਦੋਵਾਂ ਸ਼ਖਸੀਅਤਾਂ ਨੇ ਯੂਨੀਵਰਸਿਟੀ ਦੇ ਵਿਕਾਸ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਇਹ ਯੂਨੀਵਰਸਿਟੀ ਹੋਰ ਅੱਗੇ ਵਧੇਗੀ।
ਆਪਣੇ ਸਵਾਗਤੀ ਭਾਸ਼ਣ ਵਿਚ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਕਾਰਜ ਕਰਦੇ ਹੋਏ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਕਾਦਮਿਕਤਾ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਸ਼ੁਰੂ ਕੀਤੇ ਜਾਣਗੇ ਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਭਵਿੱਖ ਵਿਚ ਅਜਿਹੇ ਕਾਰਜ ਨਿਰੰਤਰ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਓਪਨ ਐਂਡ ਡਿਸਟੈਂਸ ਐਜੂਕੇਸ਼ਨ ਅਤੇ ਆਨਲਾਈਨ ਐਜੂਕੇਸ਼ਨ ਜ਼ਰੀਏ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਿਖਿਆ ਦਾ ਲਾਹਾ ਉਨ੍ਹਾਂ ਵਿਦਿਆਰਥੀਆਂ ਤਕ ਵੀ ਪਹੁੰਚੇ ਜਿਨ੍ਹਾਂ ਨੂੰ ਹੁਣ ਅਜਿਹੇ ਮੌਕੇ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਹਰ ਸਹੂਲਤ ਦਾ ਧਿਆਨ ਰੱਖਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਵਚਨਬੱਧ ਹੈ ਅਤੇ ਹਰ ਉਹ ਆਹਲਾ ਦਰਜੇ ਦਾ ਢਾਂਚਾ ਅਤੇ ਸਹੂਲਤਾਂ ਮੁਹੱਈਆ ਕੀਤੀਆ ਜਾਣਗੀਆਂ ਤਾਂ ਜੋ ਸਾਡੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਦੇ ਹਾਣ ਬਣ ਸਕਣ।
ਉਚੇਰੀ ਸਿਖਿਆ ਮੰਤਰੀ ਵੱਲੋਂ ਯੂਨੀਵਰਸਿਟੀ ਆਫ ਟੈਕਨਾਲੋਜੀ ਅਤੇ ਯੂਜੀਸੀ ਫੈਕਲਟੀ ਡਿਵੈਲਪਮੈਂਟ ਸੈਂਟਰ ਦਾ ਡਿਜ਼ੀਟਲ ਉਦਘਾਟਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ, ਸਕੂਲ ਆਫ ਐਜੂਕੇਸ਼ਨ ਅਤੇ ਫੈਕਲਟੀ ਆਫ ਐਗਰੀਕਲਚਰ ਬਿਲਡਿੰਗ ਦੇ ਨੀਂਹ ਪੱਥਰ ਰੱਖੇ ਗਏ।
ਇਸ ਮੌਕੇ ਪਵਿੱਤਰ ਤੇ ਇਤਿਹਾਸਕ ਸ਼ਹਿਰ, ਸ੍ਰੀ ਅੰਮਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਇਕ ਵਿਸ਼ੇਸ਼ 'ਕੌਫੀ ਟੇਬਲ ਬੁਕ' ਨੂੰ ਵਿਸ਼ੇਸ਼ ਮਹਿਮਾਨਾਂ ਵੱਲੋਂ ਰਿਲੀਜ਼ ਕੀਤਾ ਗਿਆ।