ਰਜਨੀਸ਼ ਸਰੀਨ
ਐੱਸ.ਏ.ਐੱਸ.ਨਗਰ, 14 ਅਗਸਤ 2019 - ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੀ ਕੜੀ ਵਿੱਚ ਵਾਧਾ ਕਰਦਿਆਂ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਸੇਵਾ ਦੌਰਾਨ ਮੌਤ ਹੋਣ 'ਤੇ ਤਰਸ ਦੇ ਅਧਾਰ 'ਤੇ ਨੌਕਰੀ ਦੇਣ ਦੀ ਵਿਭਾਗੀ ਪ੍ਰਕ੍ਰਿਆ ਤਹਿਤ ਵਾਰਸਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ।
ਡਾਇਰੈਕਟਰ ਸਿੱਖਿਆ ਵਿਭਾਗ.(ਸੈ.ਸਿੱ) ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ( ਸੈ.ਸਿੱ,ਐ.ਸਿੱ) ਨੂੰ ਬੀਤੇ ਦਿਨੀਂ ਜਾਰੀ ਕੀਤੇ ਪੱਤਰ ਵਿੱਚ ਖ਼ਾਸ ਹਦਾਇਤ ਜਾਰੀ ਕੀਤੀ ਹੈ ਕਿ ਜੇਕਰ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਵਾਰਸਾਂ ਵੱਲੋਂ ਅਪਲਾਈ ਕੀਤੇ ਕੇਸਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਵਾਇਆ ਜਾਵੇ।
ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਇਹ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਕੇਸਾਂ ਵਿੱਚ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦੇ ਸੁਪਰਡੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਮ੍ਰਿਤਕ ਅਧਿਕਾਰੀ ਕਰਮਚਾਰੀ ਦੇ ਘਰ ਨਿੱਜੀ ਪੱਧਰ 'ਤੇ ਜਾ ਕੇ ਉਸਦੇ ਵਾਰਸਾਂ ਨੂੰ ਤਰਸ ਦੇ ਅਧਾਰ 'ਤੇ ਨਿਯੁਕਤੀ ਦੇਣ ਸੰਬੰਧੀ ਸਾਰੀ ਜਾਣਕਾਰੀ ਦੇਣਗੇ ਅਤੇ ਮ੍ਰਿਤਕ ਦੇ ਵਾਰਸਾਂ 'ਚੋਂ ਕਿਸੇ ਇੱਕ ਦਾ ਨਿਯੁਕਤੀ ਸੰਬੰਧੀ ਕੇਸ ਹਰ ਪੱਖੋਂ ਮੁਕੰਮਲ ਕਰਵਾਉਣ ਉਪਰੰਤ ਮੁੱਖ ਦਫ਼ਤਰ ਭੇਜਣਗੇ। ਵਿਭਾਗੀ ਹਦਾਇਤ ਅਨੁਸਾਰ ਮੁੱਖ ਦਫ਼ਤਰ ਜਾਂ ਜ਼ਿਲ੍ਹਾ ਪੱਧਰ 'ਤੇ ਕੇਸ ਮੁਕੰਮਲ ਕਰਵਾਉਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸੰਬੰਧਿਤ ਜ਼ਿਲ੍ਹੇ ਦਾ ਵਿਭਾਗੀ ਸੁਪਰਡੈਂਟ ਨਿੱਜੀ ਤੌਰ 'ਤੇ ਕੇਸ ਮੁਕੰਮਲ ਕਰਵਾ ਕੇ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਏਗਾ। ਵਿਭਾਗ ਵੱਲੋਂ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਪ੍ਰਾਰਥੀ ਦੇ ਕੇਸ ਵਿੱਚ ਬਿਨਾਂ ਵਜ੍ਹਾ ਦੇਰੀ ਨਾ ਕੀਤੀ ਜਾਵੇ।