ਰਜਨੀਸ਼ ਸਰੀਨ
ਨਵਾਂ ਸ਼ਹਿਰ, 16 ਅਗਸਤ,2019 - ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕੱਲ੍ਹ ਪਿੰਡ ਰਾਮਰਾਏਪੁਰ ਵਿਖੇ ਸੈਲਫ਼ ਮੇਡ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਉਦਘਾਟਨੀ ਸਮਾਗਮ ਮੌਕੇ ਕਿਹਾ ਕਿ ਪੰਜਾਬ ਵਿੱਚ ਸਿਖਿਆ ਸੁਧਾਰ ਮੁਹਿੰਮ ਨਾਲ ਲੋਕਾਂ ਦਾ ਜੁੜਨਾ ਵੱਡੇ ਪਰਿਵਰਤਨ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜਿਥੇ ਪੰਜਾਬ ਦੇ ਸਕੂਲਾਂ ਵਿੱਚ ਵਿਦਿਅਕ ਤੇ ਬੁਨਿਆਦੀ ਸੁਧਾਰ ਹੋ ਰਹੇ ਹਨ, ਉਥੇ ਹੁਣ ਤੱਕ 3700 ਸਮਾਰਟ ਸੂਕਲ ਵੀ ਸਥਾਪਿਤ ਕੀਤੇ ਜਾ ਚੁੱਕੇ ਹਨ।
ਸ਼੍ਰੀ ਅਰੋੜਾ ਨੇ ਸਕੂਲ ਦੀ ਉਦਘਾਟਨੀ ਰਸਮ ਖੁਦ ਕਰਨ ਦੀ ਬਜਾਏ ਪੰਜਵੀਂ ਕਲਾਸ ਦੀ ਵਿਦਿਆਰਥਣ ਬਲਜਿੰਦਰ ਕੌਰ ਪਾਸੋਂ ਕਰਵਾਉਂਦਿਆ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕੰਪਿਊਟਰ ਕਲਾਸਾਂ ਤੇ ਪ੍ਰਾਜੈਕਟਰਾਂ ’ਤੇ ਪੜ੍ਹਾਈ ਦਾ ਮੌਕਾ ਮਿਲਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਭਾਵੇਂ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਪੂਰੀ ਜ਼ਿੰਮੇਂਵਾਰੀ ਨਿਭਾਈ ਜਾ ਰਹੀ ਹੈ ਪਰ ਜਦੋਂ ਤੱਕ ਜਨਤਕ ਸੰਸਥਾਵਾਂ ਨਾਲ ਆਮ ਲੋਕਾਂ ਦੀ ਸਾਂਝ ਨਹੀਂ ਪੈਂਦੀ ਉਦੋਂ ਤੱਕ ਕੋਈ ਵੀ ਸੰਸਥਾ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਸਕੂਲਾਂ ਨੂੰ ਮੰਦਿਰ ਅਤੇ ਗੁਰਦੁਆਰਿਆ ਦੇ ਬਰਾਬਰ ਦਾ ਦਰਜਾ ਦਿੰਦਿਆ ਕਿਹਾ ਕਿ ਸਕੂਲੀ ਸਿਖਿਆ ਬੱਚੇ ਦਾ ਭਵਿੱਖ ਤੈਅ ਕਰਦੀ ਹੈ, ਇਨ੍ਹਾਂ ਹੀ ਬੱਚਿਆਂ ਵਿਚੋਂ ਕੱਲ੍ਹ ਨੂੰ ਸੂਝਵਾਨ ਪ੍ਰਸ਼ਾਸਨਿਕ, ਸੂਝਵਾਨ ਰਾਜਨੀਤਿਕ ਤੇ ਹੋਰ ਕੱਦਾਵਰ ਸਖਸ਼ੀਅਤਾਂ ਦਾ ਨਿਰਮਾਣ ਹੋਣਾ ਹੈ। ਇਸ ਲਈ ਪ੍ਰਾਇਮਰੀ ਸਿਖਿਆ ਦੀ ਨੀਂਹ ਜਿੰਨੀ ਮਜ਼ਬੂਤ ਹੋਵੇਗੀ, ਉੰਨਾਂ ਹੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ।
ਉਨ੍ਹਾਂ ਨੇ ਨਵਾਂਸ਼ਹਿਰ ਨੂੰ ਸਵ. ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਦੀ ਦੇਣ ਦਾ ਜ਼ਿਕਰ ਕਰਦਿਆ ਕਿਹਾ ਕਿ ਜ਼ਿਲ੍ਹਾ ਬਣਾਉਣ ਤੋਂ ਲੈ ਕੇ ਉਸ ਮੌਕੇ ਹੋਏ ਸਾਰੇ ਵਿਕਾਸ ਕਾਰਜਾਂ ’ਚ ਸ. ਦਿਲਬਾਗ ਸਿੰਘ ਦੀ ਦੂਰ-ਅੰਦੇਸ਼ ਰਾਜਨੀਤਿਕ ਸੂਝ-ਬੂਝ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਹਲਕੇ ਦੀ ਨੁਮਾਇੰਦਗੀ ਕਰ ਰਹੇ, ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਦੇ ਵਾਰਸ ਐਮ.ਐਲ.ਏ. ਅੰਗਦ ਸਿੰਘ ਦੀ ਵਿਕਾਸਮਈ ਸੋਚ ਦੀ ਵੀ ਸ਼ਲਾਘਾ ਕੀਤੀ। ਉਦਯੋਗ ਮੰਤਰੀ ਨੇ ਇਸ ਮੌਕੇ ਸਕੂਲ ਦੀ ਸੇਵਾ ਕਰਨ ਵਾਲੀਆਂ ਕਸ਼ਮੀਰ ਕੌਰ ਤੇ ਨਰਿੰਦਰ ਕੌਰ ਨੂੰ ਦੁਸ਼ਾਲਿਆਂ ਨਾਲ ਸਨਮਾਨਿਤ ਕਰਦਿਆ ਕਿਹਾ ਕਿ ਕਿਸੇ ਵੀ ਸੰਸਥਾ ਦਾ ਮੂੰਹ-ਮੱਥਾ ਸਾਫ-ਸਫ਼ਾਈ ਅਤੇ ਸਾਂਭ-ਸੰਭਾਲ ’ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ। ਉਨ੍ਹਾਂ ਨੇ ਸਕੂਲ ਲਈ ਵਿੱਤੀ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਅਤੇ ਐਨ.ਆਈ. ਵੀਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਨ੍ਹਾਂ ਦਾਨੀ ਸੱਜਣਾਂ ਵਿੱਚ ਗੁਰਬਚਨ ਸਿੰਘ ਧਾਰਨੀ, ਗੁਰਪਾਲ ਸਿੰਘ ਧਾਰਨੀ ਯੂ ਕੇ ਤੇ ਜਸਵੀਰ ਸਿੰਘ ਆਸਟਰੇਲੀਆ, ਦਰਬਾਰਾ ਸਿੰਘ ਨੰਬਰਦਾਰ, ਗੁਰਜੀਤ ਕੌਰ ਸਰਪੰਚ, ਕੇਵਲ ਸਿੰਘ, ਮੇਜਰ ਸਿੰਘ ਮੰਡੇਰ, ਸੁਰਜੀਤ ਸਿੰਘ ਸਾਬਕਾ ਸਰਪੰਚ ਅਤੇ ਸਰਦਾਰਾ ਸਿੰਘ ਚੇਅਰਮੈਨ ਸਕੂਲ ਪ੍ਰਬੰਧਨ ਕਮੇਟੀ ਜ਼ਿਕਰਯੋਗ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਵਾਂਸ਼ਹਿਰ ਹਲਕੇ ਵਿੱਚ ਵੱਡੀ ਗਿਣਤੀ ’ਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਐਨ.ਆਰ.ਆਈ. ਵੀਰ ਅਤੇ ਇਲਾਕਾ ਨਿਵਾਸੀ ਖੁਦ-ਬ-ਖੁਦ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਅਗਲੇ ਦਿਨਾਂ ’ਚ ਸਲੋਹ ਰੋਡ ਨਵਾਂਸ਼ਹਿਰ ਤੋਂ ਬਾ-ਰਾਸਤਾ ਰਾਮਰਾਏਪੁਰ, ਮਹਿਤਪੁਰ ਉਲੱਧਣੀ ਤੱਕ ਬਣਨ ਵਾਲੀ 18 ਫੁੱਟ ਚੌੜੀ ਸੜਕ ਇਸ ਪੇਂਡੂ ਇਲਾਕੇ ਦੀ ਤਰੱਕੀ ਦਾ ਵੱਡਾ ਮੀਲ ਪੱਥਰ ਸਾਬਿਤ ਹੋਵੇਗੀ।
ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਸਤਿੰਦਰਵੀਰ ਸਿੰਘ ਨੇ ਇਸ ਮੌਕੇ ਉਦਯੋਗ ਮੰਤਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਜ਼ਿਲ੍ਹੇ ਵਿੱਚ ਸਿਖਿਆ ਸਕੱਤਰ ਪੰਜਾਬ ਸ਼੍ਰੀ ਕਿ੍ਰਸ਼ਨ ਕੁਮਾਰ ਦੀ ਪਹਿਲਕਦਮੀ ’ਤੇ 125 ਪ੍ਰਾਇਮਰੀ ਸਕੂਲਾਂ ਨੂੰ ਸੈਲਫ ਮੇਡ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਸ ਵਿਦਿਅਕ ਵਰ੍ਹੇ ’ਚ 50 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਕਾਰਜ ਲਈ ਇਲਾਕੇ ਦੇ ਲੋਕਾਂ ਪਾਸੋਂ ਮਿਲ ਰਹੇ ਸਹਿਯੋਗ ਦਾ ਧੰਨਵਾਦ ਵੀ ਕੀਤਾ।
ਉਧਯੋਗ ਮੰਤਰੀ ਵੱਲੋਂ ਸਕੂਲ ਦੇ ਹੈਡ ਟੀਚਰ ਬਲਜਿੰਦਰ ਸਿੰਘ ਅਤੇ ਅਧਿਆਪਕਾ ਜੀਵਨ ਲਤਾ ਵਲੋਂ ਸਕੂਲ ਨੂੰ ਸਮਾਰਟ ਸਕੂਲ ’ਚ ਤਬਦੀਲ ਕਰਨ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸਮਾਗਮ ਵਿੱਚ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡੀ.ਸੀ. ਵਿਨੈ ਬਬਲਾਨੀ, ਐਸ.ਐਸ.ਪੀ. ਅਲਕਾ ਮੀਨਾ, ਪੰਜਾਬ ਕਾਂਗਰਸ ਦੇ ਸਕੱਤਰ ਰਾਣਾ ਕੁਲਦੀਪ ਸਿੰਘ ਜਾਡਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਚੰਦ ਭੀਮਾ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਹਰਚਰਨ ਸਿੰਘ, ਬਲਾਕ ਪ੍ਰਾਇਮਰੀ ਅਫ਼ਸਰ ਅਮਰਜੀਤ ਕੌਰ, ਬਲਾਕ ਮਾਸਟਰ ਟੇ੍ਰਨਰ ਸੁਨੀਤ ਦੱਤ, ਸਮਾਰਟ ਸਕੂਲ ਦੇ ਜ਼ਿਲ੍ਹਾ ਸਹਾਇਕ ਕੋਆਰਡੀਨੇਡਰ ਰਵਿੰਦਰ ਸੂਰਾਪੁਰੀ ਤੇ ਬਲਜਿੰਦਰ ਵਿਰਕ, ਸਹਾਇਕ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਚੌ. ਹਰਬੰਸ ਲਾਲ ਨਿਆਮਤਪੁਰ ਅਤੇ ਪਿੰਡ ਦੇ ਪੰਤਵੰਤੇ ਮੌਜੂਦ ਸਨ।