ਗੁਰਨਾਮ ਸਿੱਧੂ
ਫਿਰੋਜ਼ਪੁਰ 19 ਅਗਸਤ ਅੱਜ ਸਵੇਰੇ ਸਾਢੇ 8 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਦੇ ਸਕੂਲੀ ਵਿਦਿਆਰਥੀਆਂ ਨੇ ਫਿਰੋਜ਼ਪੁਰ - ਫਰੀਦਕੋਟ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਸਕੂਲੀ ਬੱਚਿਆਂ ਨੇ ਹਾਈਵੇ 'ਤੇ ਆਪਣੇ ਸਾਈਕਲ ਅਤੇ ਲੱਕੜਾਂ ਸੁੱਟ ਕੇ ਪੂਰੀ ਤਰ੍ਹਾਂ ਨਾਲ ਰੋਡ ਬੰਦ ਕੀਤਾ ਹੋਇਆ ਸੀ ਤੇ ਬੱਚੇ ਮੰਗ ਕਰ ਰਹੇ ਸਨ ਕਿ ਜਿਹੜੇ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ ਉਨ੍ਹਾਂ ਨੂੰ ਤੁਰੰਤ ਵਾਪਸ ਸਕੂਲ ਵਿਚ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਡੀਐੱਸਪੀ ਦਿਹਾਤੀ ਸਤਨਾਮ ਸਿੰਘ ਅਤੇ ਐੱਸਐੱਚਓ ਥਾਣਾ ਕੁੱਲਗੜ੍ਹੀ ਜਸਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਧਰਨੇ ਵਾਲੀ ਜਗ੍ਹਾ ਤੋਂ ਉਠਾ ਕੇ ਸਕੂਲ ਵਿੱਚ ਭੇਜਿਆ।
ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਵਿਚ 350 ਦੇ ਕਰੀਬ ਬੱਚੇ ਪੜ੍ਹ ਰਹੇ ਹਨ, ਸਕੂਲ ਵਿਚ ਕੁੱਲ 22 ਅਧਿਆਪਕ ਹਨ, ਜਿਨ੍ਹਾਂ ਵਿਚੋਂ 6 ਅਧਿਆਪਕਾਂ ਦੀ ਬਦਲੀ ਹੋ ਗਈ ਹੈ। ਅੱਜ ਜਦੋਂ ਉਹ ਸਕੂਲ ਪਹੁੰਚੇ ਤਾਂ ਬੱਚਿਆਂ ਨੇ ਸਕੂਲ ਦਾ ਮੇਨ ਗੇਟ ਬੰਦ ਕੀਤਾ ਹੋਇਆ ਸੀ ਅਤੇ ਫਿਰੋਜ਼ਪੁਰ-ਫਰੀਦਕੋਟ ਰੋਡ ਜਾਮ ਕਰਕੇ ਬੈਠੇ ਹੋਏ ਸਨ।
ਦੂਜੇ ਪਾਸੇ ਪਿੰਡ ਦੇ ਵਸਨੀਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ, ਅਧਿਆਪਕਾਂ ਦੀ ਬਦਲੀ ਕਰ ਦਿੱਤੇ ਜਾਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਦੀ ਪੰਚਾਇਤ ਵੱਲੋਂ ਸਕੂਲ ਵਿਚ ਦਖਲ ਅੰਦਾਜ਼ੀ ਕਰਕੇ ਸਕੂਲ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅਧਿਆਪਕ ਸਕੂਲ ਛੱਡ ਕੇ ਜਾ ਰਹੇ ਹਨ। ਇਸ ਮੌਕੇ ਸਕੂਲ ਵਿਚ ਪਹੁੰਚੇ ਡਿਪਟੀ ਡੀਈਓ ਕੋਮਲ ਅਰੋੜਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਅਧਿਆਪਕਾਂ ਨੂੰ ਇਸ ਸਕੂਲ ਵਿਚ ਭੇਜ ਦਿੱਤਾ ਜਾਵੇਗਾ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ । ਓਹਨਾਂ ਕਿਹਾ ਕਿ ਇਕ ਕਮੇਟੀ ਦਾ ਗਠਨ ਕਰਕੇ ਇਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸਬੰਧੀ ਜਦੋਂ ਸਰਪੰਚ ਕਾਰਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਅਧਿਆਪਕ ਦੀ ਬਦਲੀ ਹੋਈ ਹੈ ਜਾਂ ਕਰਵਾ ਕੇ ਗਿਆ ਹੈ ਤਾਂ ਵਿਭਾਗ ਨੂੰ ਚਾਹੀਦਾ ਹੈ ਕਿ ਤੁਰੰਤ ਆਸਾਮੀ ਨੂੰ ਭਰਿਆ ਜਾਵੇ। ਪੰਚਾਇਤ ਵੱਲੋਂ ਸਕੂਲ ਵਿਚ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਰਹੀ। ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਸੁਹਿਰਦ ਹਨ।