ਮੁਹਾਲੀ, 23 ਅਗਸਤ 2019 - ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਦੇ ਸ਼ੁਭ ਅਵਸਰ ਦੀ ਦ੍ਰਿਸ਼ਟੀ ਵਿੱਚ, ਮਾਰਚ 2004 ਅਤੇ ਉਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਅਪੀਅਰ ਦਾ ਇੱਕ 'ਸੁਨਹਿਰੀ ਮੌਕਾ' ਦਿੱਤੇ ਜਾਣ ਨੂੰ ਅਕਾਲੀਦਲ ਟਕਸਾਲੀ ਦੇ ਬੁਲਾਰੇ ਬੀਰ ਦਵਿੰਦਰ ਸਿੰਘ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ।
ਪਰ ਉਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਇਸ ਅਵਸਰ ਤੇ 15 ਹਜ਼ਾਰ ਰੁਪਏ ਦਾਖਲਾ ਫੀਸ ਬੱਚਿਆਂ ਦੇ ਮਾਪਿਆਂ ਤੋਂ ਵਸੂਲਣਾ ਤਾਂ ਵੱਡਾ ਅੱਤਿਆਚਾਰ ਹੀ ਨਹੀਂ ਸਗੋਂ ਸਕੂਲ ਸਿੱਖਿਆ ਬੋਰਡ ਦੀ ਬੌਧਿਕ ਜਹਾਲਤ ਦਾ ਸਿਖਰ ਹੈ। ਹੋਰ ਵੀ ਦੁੱਖ ਦੀ ਗੱਲ ਹੈ ਕਿ ਬੋਰਡ ਨੇ ਇਸ ਅਨੋਖੀ ਜੱਗੋਂ-ਤੇਰ੍ਹਵੀਂ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਮੰਤਰੀ, ਬੋਰਡ ਦੇ ਮੁਖੀ ਅਤੇ ਸਕੱਤ੍ਰ ਗੁਰੁ ਨਾਨਕ ਦੇਵ ਜੀ ਦੀ ਫਿਲਾਸਫ਼ੀ ਤੋਂ ਉੱਕਾ ਹੀ ਨਾਵਾਕਫ਼ ਅਤੇ ਕੋਰੇ ਹਨ। ਗੁਰੂ ਨਾਨਕ ਦੇਵ ਜੀ ਨੇ ਤਾਂ ਫੁਰਮਾਇਆ ਸੀ ;
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
(ਅੰਗ:356, ਸ੍ਰੀ ਗੁਰੂ ਗ੍ਰੰਥ ਸਾਹਿਬ)
( ਭਾਵ ਜੇ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ, ਇਸ ਗੁਰਬਾਣੀ ਦੀ ਤੁਕ ਦੀ ਜੇ ਹੋਰ ਤਸ਼ਰੀਹ ਕਰੀਏ ਤਾਂ ਭਾਵ ਸਾਫ਼ ਤੇ ਸਪਸ਼ਟ ਹੋ ਜਾਂਦਾ ਹੈ, ਕਿ ਵਿਦਿਆ ਪ੍ਰਾਪਤ ਕਰਕੇ ਜੇ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਬਣ ਜਾਵੇ, ਇਹ ਤਦ ਹੀ ਸਮਝਣਾ ਚਾਹੀਦਾ ਹੈ, ਕਿ ਉਹ ਵਿਦਿਆ ਪ੍ਰਾਪਤ ਕਰਕੇ ਵਿਚਾਰਵਾਨ ਬਣ ਗਿਆ ਹੈ)
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਵਿਦਿਆ ਨੂੰ ਵੀਚਾਰਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਦਾ ਸ਼ੁਭ ਅਵਸਰ, ਉਨ੍ਹਾ ਨੂੰ ਪਰਉਪਕਾਰੀ ਬਣਨ ਦਾ ਸ਼ੁਭ ਅਵਸਰ ਦੇ ਰਿਹਾ ਹੈ। ਇਸ ਲਈ ਚੰਗਾ ਹੋਵੇਗਾ ਜੇ ਪੰਜਾਬ ਸਕੂਲ ਸਿੱਖਿਆ ਬੋਰਡ, ਗੁਰੂ ਨਾਨਕ ਦੇਵ ਜੀ ਵੱਲੋ ਦਰਸਾਏ ਵਿਦਿਆ ਦੇ ਪ੍ਰਕਾਸ ਅਤੇ ਉਸਦੇ ਮਨੋਰਥ ਨੂੰ ਸਹੀ ਪਰਿਪੇਖ ਵਿੱਚ ਸਮਝ ਕੇ ਇਹ ਕਥਿਤ 'ਸੁਨਹਿਰੀ ਮੌਕਾ' ਬੱਚਿਆਂ ਨੂੰ ਪ੍ਰਸ਼ਾਦਿ ਰੂਪ ਵਿੱਚ ਵਰਤਾਵੇ ਤੇ ਇਹ ਦਾਖਲਾ ਫੀਸ 15 ਹਜ਼ਾਰ ਤੋ ਘਟਾ ਕੇ, ਕੇਵਲ 550 ਰੁਪਏ ਕਰ ਦਿੱਤੀ ਜਾਵੇ, ਨਹੀਂ ਤਾਂ ਇਸ ਕਠੋਰ ਅਮਲ ਨਾਲ ਗੁਰੂ ਨਾਨਕ ਦੇਵ ਜੀ ਦਾ ਪਾਵਨ ਤੇ ਪਵਿੱਤਰ ਨਾਮ ਨਾ ਜੋੜਿਆ ਜਾਵੇ।