ਚੰਡੀਗੜ੍ਹ, 7 ਸਤੰਬਰ 2019 - ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਨੁੱਖਤਾ ਦੀ ਭਾਵਨਾ ਅਧੀਨ ਹੜ੍ਹ ਪੀੜਿਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਯੋਗਦਾਨ ਪਾਉਂਦਿਆਂ ਇਕ ਰਾਹਤ ਕੈਂਪ ਦਾ ਆਯੋਜਨ ਕੀਤਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰੋਫ਼ੈਸਰ ਸਾਹਿਬਾਨ ਨੇ ਹੜ੍ਹ ਪੀੜਿਤ ਖੇਤਰਾਂ ਦੀ ਸਹਾਇਤਾ ਲਈ ਸਹਿਯੋਗ ਰਾਸ਼ੀ ਇਕੱਠੀ ਕੀਤੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ 48 ਵਿਦਿਆਰਥੀ ਅਤੇ ਸਟਾਫ ਮੈਂਬਰ ਹੜ੍ਹ ਨਾਲ ਪ੍ਰਭਾਵਿਤ ਜਿਲਾ ਤਰਨਤਾਰਨ ਦੇ ਪਿੰਡ ਧੱਕਾ ਬਸਤੀ ਵਿਚ ਪਹੁੰਚੇ।
ਵਿਦਿਆਰਥੀਆਂ ਨੇ ਕਲਗੀਧਰ ਟਰਸਟ ਦੁਆਰਾ ਇਕੱਤਰ ਕੀਤਾ ਰਾਸ਼ਨ ਜ਼ਰੂਰਤਮੰਦਾਂ ਤੱਕ ਪਹੁਚਾਉਣ ਵਿਚ ਸਹਾਇਤਾ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰੋਗੀਆਂ ਜਾਂ ਜ਼ਖਮੀਆਂ ਨੂ ਦਵਾਈਆਂ ਵੰਡੀਆਂ ਅਤੇ ਸਤਲੁਜ ਕੰਡੇ ਦਾ ਪਾੜ ਮਿੱਟੀ ਨਾਲ ਪੂਰਨ ਵਿਚ ਵੀ ਮਦਦ ਕੀਤੀ। ਗੌਰਤਲਬ ਹੈ ਕਿ ਕਲਗੀਧਰ ਟਰੱਸਟ ਵੱਲੋਂ ਹੜ੍ਹ ਪੀੜਿਤਾਂ ਦੀ ਜ਼ਿੰਦਗੀ ਨੂੰ ਦੁਬਾਰਾ ਪਟਰੀ ਉੱਤੇ ਲਿਆਉਣ ਲਈ ਪਲੰਬਿੰਗ, ਰਾਜ ਮਿਸਤਰੀ ਅਤੇ ਬਿਜਲੀ ਸੰਬੰਧੀ ਸੇਵਾਵਾਂ ਨਿਰੰਤਰ ਦਿੱਤੀਆਂ ਜਾ ਰਹੀਆਂ ਹਨ।