ਚੰਡੀਗੜ੍ਹ, 20 ਸਤੰਬਰ 2019 - ਮਾਂ ਬੋਲੀ ਪੰਜਾਬੀ ਨੂੰ ਪੰਜਾਬ ਲਾਜ਼ਮੀ ਬਣਾਉਣ ਦੇ ਉਦੇਸ਼ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਤੇ ਹੁਣ ਇਸ ਸੰਸਥਾ ਵੱਲੋਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਪੰਜਾਬੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ ਗਈ ਹੈ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ, ਮਿੱਤਰ ਸੈਨ ਮੀਤ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਪਬਲਿਕ ਸਰਵਿਸ ਕਮਸ਼ਿਨ ਵਲੋਂ, ਦਰਜਾ ਸੀ ਨੌਕਰੀਆਂ ਲਏ ਜਾਣ ਵਾਲੇ ਇਮਤਿਹਾਨ, ਕੇਵਲ ਅੰਗਰੇਜ਼ੀ ਵਿਚ ਲੈਏ ਜਾ ਰਹੇ ਹਨ। ਕਮਿਸ਼ਨ ਦਾ ਇਹ ਵਤੀਰਾ ਪੰਜਾਬੀ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ, ਕਮਿਸ਼ਨ ਨੂੰ 07 ਜੁਲਾਈ 2019 ਨੂੰ ਇੱਕ ਚਿੱਠੀ ਲਿਖ ਕੇ, ਇਨ੍ਹਾਂ ਇਮਤਿਹਾਨਾਂ ਨੂੰ ਪੰਜਾਬੀ ਵਿਚ ਵੀ ਲਏ ਜਾਣ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 19 ਹਜ਼ਾਰ ਨੌਕਰੀਆਂ ਲਈ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਜੇਕਰ ਇਹੋ ਜਿਹੇ ਇਮਿਤਿਹਾਨ ਕੇਵਲ ਅੰਗਰਜ਼ੀ ਵਿਚ ਹੋਏ ਤਾਂ ਘੱਟ ਅੰਗਰੇਜ਼ੀ ਜਾਣਦੇ ਪੰਜਾਬੀਆਂ ਨੂੰ ਰੁਜ਼ਗਾਰ ਨਹੀਂ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੰਜਾਬ ਦੀ ਹਰ ਇੱਕ ਸੰਸਥਾ ਨੂੰ ਕਮਿਸ਼ਨ 'ਤੇ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਤਾਂ ਜੋ ਅੰਗ੍ਰੇਜ਼ੀ ਦੇ ਨਾਲ ਨਾਲ ਪੰਜਾਬੀ 'ਚ ਵੀ ਪੇਪਰ ਲਿਆ ਜਾ ਸਕੇ।
ਮਿੱਤਰ ਸੇਨ ਮੀਤ ਨੇ ਕਿਹਾ ਕਿ ਉਨ੍ਹਾਂ ਦੁਆਰਾ ਵੱਖ ਵੱਖ ਲੇਖਕ ਜਥੇਬੰਦੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ ਤੇ ਸਮੂਹ ਜਥੇਬੰਦੀਆਂ ਨੂੰ ਪੰਜਾਬੀ ਭਾਸ਼ਾ ਲਈ ਇੱਕ ਮੰਚ 'ਤੇ ਆਉਣ ਦੀ ਅਪੀਲ ਕੀਤੀ ਗਈ ਹੈ।