ਲੁਧਿਆਣਾ 4 ਅਕਤੂਬਰ 2019 - ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੀ.ਏ.ਯੂ. ਕਿਸਾਨ ਕਲੱਬ ਦਾ ਰਾਜ ਪੱਧਰੀ ਮਹੀਨਾਵਾਰ ਸਿਖਲਾਈ ਕੈਂਪ ਲਗਾਇਆ ਗਿਆ । ਪਾਲ ਆਡੀਟੋਰੀਅਮ ਵਿੱਚ ਲਗਾਏ ਗਏ ਇਸ ਸਿਖਲਾਈ ਕੈਂਪ ਵਿੱਚ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਨੇ ਉਦਘਾਟਨੀ ਸ਼ਬਦ ਬੋਲਦਿਆਂ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਤੋਂ ਜਾਣੰੂ ਕਰਵਾਇਆ । ਨਿਰਦੇਸ਼ਕ ਖੋਜ ਨੇ ਕਣਕ ਦੇ ਬਿਹਤਰ ਉਤਪਾਦਨ ਲਈ ਨਵੀਨ ਉਤਪਾਦਨ ਤਕਨੀਕਾਂ ਨਾਲ ਵੀ ਕਿਸਾਨਾਂ ਦੀ ਵੀ ਸਾਂਝ ਪੁਆਈ ।
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਟੀ ਐਸ ਰਿਆੜ ਨੇ ਪੀ.ਏ.ਯੂ. ਕਿਸਾਨ ਕਲੱਬ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ । ਉਹਨਾਂ 350 ਦੇ ਕਰੀਬ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਿਕਾਰੀ ਖੇਤੀ ਦੇ ਮਹੱਤਵ ਉਪਰ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਸਥਾਵਾਂ (ਐਫ ਪੀ ਓ’ਜ਼) ਦਾ ਗਠਨ ਕਰਨ ਲਈ ਕਿਹਾ ਤਾਂ ਜੋ ਮੰਡੀਕਰਨ ਦਾ ਮਜ਼ਬੂਤ ਢਾਂਚਿਆ ਉਸਾਰਿਆ ਜਾ ਸਕੇ ।
ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਦੇ ਮਹੱਤਵਪੂਰਨ ਨੁਕਤੇ ਅਤੇ ਕਣਕ ਅਤੇ ਤੇਲਬੀਜ ਫ਼ਸਲਾਂ ਦੀ ਬਿਜਾਈ, ਰਸੋਈ ਬਗੀਚੀ ਆਦਿ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ । ਪੀ.ਏ.ਯੂ. ਮਾਹਿਰਾਂ ਵਿੱਚੋਂ ਡਾ. ਮਨਪ੍ਰੀਤ ਸਿੰਘ, ਡਾ. ਆਰ ਐਸ ਸੋਹੂ, ਡਾ. ਕੁਲਬੀਰ ਸਿੰਘ, ਡਾ. ਸੰਜੈ ਗੱਖੜ ਆਦਿ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਤ ਕੀਤਾ । ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਪੂਨੀਆ ਨੇ ਸੁਆਲਾਂ ਜਵਾਬਾਂ ਦੇ ਸੈਸ਼ਨ ਦਾ ਸੰਚਾਲਨ ਕੀਤਾ । ਸ੍ਰੀ ਰਵਿੰਦਰ ਭਲੂਰੀਆ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ।