'ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿੱਚ ਅਜੋਕੀ ਸਿੱਖਿਆ ਵਿੱਚ ਧਰਮ ਨਿਰਪੱਖ ਕਦਰਾਂ ਕੀਮਤਾਂ' ਵਿਸ਼ੇ 'ਤੇ ਵਿਦਿਆਰਥੀਆਂ ਨਾਲ ਕਰਨਗੇ ਵਿਚਾਰ ਸਾਂਝੇ
ਚੰਡੀਗੜ੍ਹ 13 ਅਕਤੂਬਰ 2019: ਚੰਡੀਗੜ੍ਹ ਯੂਨੀਵਰਸਿਟੀ ਵਿਖੇ 15 ਅਕਤੂਬਰ ਨੂੰ ਤਿੱਬਤੀ ਧਰਮ ਗੁਰੂ ਦਲਾਈ ਲਾਮਾ 'ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਆਧੁਨਿਕ ਸਿੱਖਿਆ ਵਿਚ ਧਰਮ ਨਿਰਪੱਖ ਕਦਰਾਂ ਕੀਮਤਾਂ' ਵਿਸ਼ੇ 'ਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ।ਜਿਸ ਦੌਰਾਨ ਦਲਾਈ ਲਾਮਾ ਵਿਦਿਆਰਥੀਆਂ ਨਾਲ ਆਧੁਨਿਕ ਸਿੱਖਿਆ, ਵਾਤਾਵਰਣ, ਅਹਿੰਸਾ, ਮਨੁੱਖ ਅਧਿਕਾਰਾਂ ਸਬੰਧੀ ਆਪਣੇ ਵਿਚਾਰ ਤੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ।ਇਸ ਦੌਰਾਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬੇ ਨਾਨਕ ਦੇ ਵਿਚਾਰਾਂ ਦਾ ਆਧੁਨਿਕ ਸਿੱਖਿਆ ਵਿੱਚ ਮਹੱਤਵ, ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਵਿਦਿਆਰਥੀਆਂ ਦੇ ਰੂਬਰੂ ਹੋਣਗੇ।
ਜ਼ਿਕਰਯੋਗ ਹੈ ਕਿ 14ਵੇਂ ਦਲਾਈ ਲਾਮਾ (ਤੇਨਜ਼ਿਨ ਗਿਆਤਸੋ) ਤਿੱਬਤ ਦੇ ਰਾਸ਼ਟਰ ਮੁਖੀ ਅਤੇ ਧਰਮ ਗੁਰੂ ਹਨ। ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ। ਉਨ੍ਹਾਂ ਨੂੰ 1989 ਵਿੱਚ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਿੱਬਤ ਦੇ ਅੰਦਰ ਅਤੇ ਬਾਹਰ ਤਿੱਬਤੀਆਂ ਲਈ ਪੂਰੀ ਜ਼ਿੰਦਗੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ।14ਵੇਂ ਦਲਾਈ ਲਾਮਾ ਨੇ ਵਿਸ਼ਵ ਸ਼ਾਂਤੀ ਲਈ ਮਨੁੱਖੀ ਪਹੁੰਚ ਅਪਣਾਏ ਅਤੇ ਆਪਣਾ ਪੂਰਾ ਜੀਵਨ ਅੰਤਰ-ਧਾਰਮਿਕ ਸਦਭਾਵਨਾ ਅਤੇ ਸਮਝ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਕੀਤਾ ਹੈ।ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਅਹਿੰਸਾ, ਅਧਿਕਾਰਾਂ, ਬੁੱਧ ਧਰਮ ਅਤੇ ਵਿਗਿਆਨ ਬਾਰੇ ਆਪਣੇ ਅਹਿਮ ਵਿਚਾਰ ਦੁਨੀਆਂ ਸਾਹਮਣੇ ਰੱਖੇ ਹਨ ਅਤੇ ਨਾਲ ਹੀ, ਉਨ੍ਹਾਂ ਨੇ ਵਾਤਾਵਰਣ ਦੀ ਬਿਹਤਰੀ, ਅੰਤਰ-ਧਰਮ ਸੰਵਾਦ, ਜਣਨ ਸਿਹਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਪਵਿੱਤ੍ਰਤਾਈ ਦਲਾਈ ਲਾਮਾ ਅਨੁਸਾਰ ਵਾਤਾਵਰਣ ਦੇ ਸੰਕਟ ਅਤੇ ਹਿੰਸਕ ਟਕਰਾਵਾਂ ਦੇ ਹੱਲ ਧਰਮ ਨਿਰਪੱਖ ਨੈਤਿਕਤਾ ਵਿੱਚ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ. ਬਾਵਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ 'ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਦਲਾਈ ਲਾਮਾ ਵਰਗੇ ਸ਼ਾਂਤੀ ਅਤੇ ਅਹਿੰਸਾ ਦੇ ਪ੍ਰਤੀਕ ਸਖ਼ਸ਼ੀਅਤ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਆਪਣੇ ਵਿਚਾਰ ਪੇਸ਼ ਕਰਨਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਇੱਕ ਚੰਗਾਂ ਸਮਾਂ ਹੈ ਕਿ ਉਹ ਦਲਾਈ ਲਾਮਾ ਦੇ ਤਜ਼ਰਬਿਆਂ, ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਵਿੱਚ ਇੱਕ ਚੰਗੀ ਸਖ਼ਸ਼ੀਅਤ ਉਸਾਰੀ, ਸਿੱਖਿਆ ਅਤੇ ਆਪਣੇ ਮੁਕਾਮਾਂ ਨੂੰ ਹਾਸਲ ਕਰਨ ਲਈ ਬਹੁਤ ਕੁੱਝ ਗ੍ਰਹਿਣ ਕਰ ਸਕਦੇ ਹਨ।