ਲੜਕਿਆਂ ਵਿੱਚ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਅਤੇ ਲੜਕੀਆਂ ਵਿੱਚ ਯੂਨੀਵਰਸਿਟੀ ਆਫ਼ ਦਿੱਲੀ ਦੀ ਟੀਮ ਤੀਜੇ ਰਾਊਂਡ ਤੋ ਬਾਅਦ ਰਹੀ ਮੋਹਰੀ
ਚੰਡੀਗੜ੍ਹ 07 ਨਵੰਬਰ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਦੇ ਅੰਤਰ-ਯੂਨੀਵਰਸਿਟੀ ਸਪੋਰਟਸ ਬੋਰਡ ਵੱਲੋਂ ਕਰਵਾਈ ਜਾ ਰਹੀ 5 ਰੋਜ਼ਾ ਨਾਰਥ ਜ਼ੋਨ ਸ਼ਤਰੰਜ (ਲੜਕੇ-ਲੜਕੀਆਂ) ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ 2019-20 ਦੇ ਦੂਜੇ ਦਿਨ ਵੱਖ-ਵੱਖ ਟੀਮਾਂ ਦਰਮਿਆਨ ਦੂਜੇ ਅਤੇ ਤੀਜੇ ਰਾਊਂਡਾਂ ਲਈ ਅਹਿਮ ਮੁਕਾਬਲੇ ਹੋਏ। ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੱਲ ਰਹੇ ਮੁਕਾਬਲਿਆਂ ਦੇ ਦੂਜੇ ਦਿਨ ਦੇ ਮੈਚਾਂ ਦੀ ਸ਼ੁਰੂਆਤ ਅੰਤਰਰਾਸ਼ਟਰੀ ਆਰਬੀਟਰ ਰਜਿੰਦਰ ਸ਼ਰਮਾ ਚੀਫ਼ ਆਰਬੀਟਰ, ਡਾ. ਗੋਪਾਲ ਪ੍ਰਤਾਪ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ ਚੰਡੀਗੜ੍ਹ ਯੂਨੀਵਰਸਿਟੀ ਅਤੇ ਸਪੋਰਟਸ ਵਿਭਾਗ ਮੁਖੀ ਡਾ. ਮਹੇਸ਼ ਜੇਤਲੀ ਵੱਲੋਂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਲੜਕਿਆਂ ਦੇ ਸੱਤ ਰਾਊਂਡ ਅਤੇ ਲੜਕੀਆਂ ਦੇ ਛੇ ਰਾਊਂਡਾਂ ਵਿੱਚ ਖੇਡੇ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਉੱਤਰ ਜ਼ੋਨ ਦੇ 8 ਸੂਬਿਆਂ ਤੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 61 ਟੀਮਾਂ ਭਾਗ ਲੈ ਰਹੀਆਂ ਹਨ।
ਦੂਜੇ ਦਿਨ ਦੇ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਡਿਪਟੀ ਡਾਇਰੈਕਟਰ ਸਪੋਰਟਸ ਡਾ. ਗੋਪਾਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਦੂਜੇ ਰਾਊਂਡ ਦੌਰਾਨ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-1 ਅੰਕਾਂ ਨਾਲ ਮਾਤ ਦਿੱਤੀ ਅਤੇ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਦੀ ਟੀਮ ਨੇ ਸੈਂਟਰਲ ਯੂਨੀਵਰਸਿਟੀ ਆਫ਼ ਜੰਮੂ ਦੀ ਟੀਮ ਨੂੰ 4-0 ਨਾਲ ਚਿੱਤ ਕੀਤਾ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ 3-1 ਨਾਲ ਹਰਾਇਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਐਲਪੀਯੂ ਦੀ ਟੀਮ ਨੂੰ 3-1 ਅੰਕਾਂ ਨਾਲ ਹਰਾ ਕੇ ਅਗਲੇ ਦੌਰ ਲਈ ਲੀਡ ਹਾਸਲ ਕੀਤੀ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੂੰ 3-1 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਮੁਕਾਬਲਿਆਂ ਦੇ ਤੀਜੇ ਦੌਰ ਦੌਰਾਨ ਦਿੱਲੀ ਯੂਨੀਵਰਸਿਟੀ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੂੰ 4-0 ਨਾਲ ਹਰਾਇਆ ਅਤੇ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਆਈ.ਕੇ. ਗੁਜਰਾਲ ਪੀਟੀਯੂ ਦੀ ਟੀਮ ਨੂੰ 4-0 ਨਾਲ ਮਾਤ ਦਿਤੀ ਅਤੇ ਸ਼ਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ ਨੇ ਪੈਕ ਯੂਨੀਵਰਸਿਟੀ ਚੰਡੀਗੜ੍ਹ ਨੂੰ 4-0 ਨਾਲ ਮਾਤ ਕੇ ਅਗਲੇ ਦੌਰ ਲਈ ਲੀਡ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਤੀਜੇ ਰਾਊਂਡ ਦੌਰਾਨ ਪੰਜ ਟੀਮਾਂ ਦੇ ਮੁਕਾਬਲੇ ਟਾਈ ਰਹੇ।
ਲੜਕੀਆਂ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋÂੋ ਡਾ. ਗੋਪਾਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੂਜੇ ਰਾਊਂਡ ਦੌਰਾਨ ਯੂਨੀਵਰਸਿਟੀ ਆਫ਼ ਦਿੱਲੀ ਨੇ ਸੀਐਸਕੇ ਹਿਮਾਚਲ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਪਲਮਪੁਰ ਦੀ ਟੀਮ ਨੂੰ 4-0 ਨਾਲ ਮਾਤ ਦਿੱਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੀ ਟੀਮ ਨੂੰ 3-1 ਨਾਲ ਹਰਾਇਆ ਅਤੇ ਚਿੱਤਕਾਰਾ ਯੂਨੀਵਰਸਿਟੀ ਅਤੇ ਐਲਪੀਯੂ ਦੀਆਂ ਟੀਮਾਂ 2-2 ਅੰਕਾਂ ਨਾਲ ਬਰਾਬਰ ਰਹੀਆਂ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਚਾਰ ਮੁਕਾਬਲੇ ਆਪਸ 'ਚ ਬਰਾਬਰ ਰਹੇ। ਉਨ੍ਹਾਂ ਤੀਜੇ ਰਾਊਂਡ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਆਫ਼ ਦਿੱਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 4-0 ਨਾਲ ਮਾਤ ਦਿਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਖਨਊ ਯੂਨੀਵਰਸਿਟੀ ਦੀ ਟੀਮ ਨੂੰ 3.5-0.5 ਅੰਕਾਂ ਨਾਲ ਮਾਤ ਦੇ ਕੇ ਚੌਥੇ ਦੌਰ ਲਈ ਲੀਡ ਬਣਾਈ। ਇਸ ਦੌਰਾਨ ਚਾਰ ਟੀਮਾਂ ਦੇ ਮੁਕਾਬਲੇ ਆਪਸ 'ਚ ਬਰਾਬਰ ਰਹੇ।
ਜ਼ਿਕਰਯੋਗ ਹੈ ਕਿ ਨਾਰਥ ਜ਼ੋਨ ਅੰਤਰ-ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿੱਪ ਦੇ ਤੀਜੇ ਰਾਊਂਡ ਤੱਕ ਲੜਕਿਆਂ ਦੀਆਂ ਟੀਮਾਂ ਵਿੱਚ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਇੰਟਰਨੈਸ਼ਨਲ ਰੈਕਿੰਗ (1573) ਕੁੱਲ 12 ਪੁਆਇੰਟਾਂ ਨਾਲ ਪਹਿਲੇ, ਪੰਜਾਬ ਇੰਜੀਨੀਅਰਿੰਗ ਕਾਲਜ ਯੂਨੀਵਰਸਿਟੀ ਚੰਡੀਗੜ੍ਹ (1558) ਕੁੱਲ 11 ਪੁਆਇੰਟਾਂ ਨਾਲ ਦੂਜੇ ਅਤੇ ਦਿੱਲੀ ਯੂਨੀਵਰਸਿਟੀ (1862) ਕੁੱਲ 11 ਪੁਆਇੰਟਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਚੌਥੇ ਰਾਊਂਡ ਲਈ ਲੀਡ ਕਰ ਰਹੀਆਂ ਹਨ। ਇਸੇ ਤਰ੍ਹਾਂ ਲੜਕੀਆਂ ਦੀ ਟੀਮਾਂ ਵਿੱਚ ਤੀਜੇ ਰਾਊਂਡ ਤੱਕ ਯੂਨੀਵਰਸਿਟੀ ਆਫ਼ ਦਿੱਲੀ ਇੰਟਰਨੈਸ਼ਨਲ ਰੈਕਿੰਗ (1598) ਕੁੱਲ 12 ਪੁਆਇੰਟਾਂ ਨਾਲ ਪਹਿਲੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (1092) ਕੁੱਲ 10.5 ਪੁਆਇੰਟਾਂ ਨਾਲ ਦੂਜੇ ਅਤੇ ਲਖਨਊ ਯੂਨੀਵਰਸਿਟੀ (1048) ਕੁੱਲ 8.5 ਅੰਕਾਂ ਨਾਲ ਤੀਜੇ ਸਥਾਨ 'ਤੇ ਲੀਡ ਕਰ ਰਹੀਆਂ ਹਨ।