ਲੋਕੇਸ਼ ਰਿਸ਼ੀ
ਸ੍ਰੀ ਹਰਗੋਬਿੰਦਪੁਰ/ਬਟਾਲਾ, 30 ਨਵੰਬਰ 2019 - ਵਿਸ਼ਵ ਪ੍ਰਸਿੱਧ ਚਿੱਤਰਕਾਰ ਪਦਮ ਸ਼੍ਰੀ ਸਰਦਾਰ ਸੋਭਾ ਸਿੰਘ ਦੀ 118ਵੀਂ ਜਨਮ ਵਰੇਗੰਢ ਨੂੰ ਸਮਰਪਿਤ ਸ੍ਰੀ ਹਰਗੋਬਿੰਦਪੁਰ ਦੇ ਲੜਕੇ ਅਤੇ ਲੜਕੀਆਂ ਦੇ ਸਰਕਾਰੀ ਸਕੂਲਾਂ ਵਿੱਚ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਇਨਾਂ ਚਿੱਤਰਕਾਰੀ ਮੁਕਾਬਲਿਆਂ ਨੂੰ ਕਰਾਉਣ ਵਿੱਚ ਸਮਾਜ ਸੇਵੀ ਅਤੇ ਅਧਿਆਪਕ ਰਾਜਪ੍ਰੀਤ ਸਿੰਘ ਢਿਲੋਂ, ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਬਾਜਵਾ ਅਤੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੇ ਪਿ੍ਰੰਸੀਪਲ ਪਰਵੀਨ ਸ਼ਰਮਾਂ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੇ ਪਿ੍ਰੰਸੀਪਲ ਰਜਨੀ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਭ ਤੋਂ ਪਹਿਲਾਂ ਇਨਾਂ ਦੋਵਾਂ ਸਕੂਲਾਂ ਵਿੱਚ ਅਧਿਆਪਕ ਰਾਜਪ੍ਰੀਤ ਸਿੰਘ ਢਿਲੋਂ ਅਤੇ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਬਾਜਵਾ ਵਲੋਂ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਚਿੱਤਰਕਾਰ ਸੋਭਾ ਸਿੰਘ ਦੇ ਜੀਵਨ ਅਤੇ ਉਨਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਚਿੱਤਰਕਾਰ ਸੋਭਾ ਸਿੰਘ ਨੇ ਆਪਣੀ ਕਲਾ ਨਾਲ ਸ੍ਰੀ ਹਰਗੋਬਿੰਦਪੁਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕਲਾ ਦੇ ਖੇਤਰ ਦੀ ਏਨੀ ਵੱਡੀ ਹਸਤੀ ਸੋਭਾ ਸਿੰਘ ਦਾ ਜਨਮ ਉਨਾਂ ਦੇ ਨਗਰ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ ਸੀ। ਰਾਜਪ੍ਰੀਤ ਸਿੰਘ ਢਿਲ਼ੋਂ ਨੇ ਦੱਸਿਆ ਕਿ ਸੋਭਾ ਸਿੰਘ ਦੇ ਬਣਾਏ ਚਿੱਤਰ ਅੱਜ ਵੀ ਪੂਰੀ ਦੁਨੀਆਂ ਵਿੱਚ ਬੇਹੱਦ ਮਕਬੂਲ ਹਨ ਅਤੇ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਸਬੰਧੀ ਬਣਾਏ ਉਨਾਂ ਦੇ ਚਿੱਤਰਾਂ ਨੂੰ ਸਮੁੱਚੇ ਸਿੱਖ ਜਗਤ ਨੇ ਮਾਨਤਾ ਦਿੱਤੀ ਹੈ। ਸੋਭਾ ਸਿੰਘ ਨੇ ਸੋਹਣੀ ਮਹੀਂਵਾਲ ਸਮੇਤ ਹੋਰ ਇਤਿਹਾਸਕ ਘਟਨਾਵਾਂ ਅਤੇ ਸਖਸ਼ੀਅਤਾਂ ਦੇ ਵੀ ਚਿੱਤਰ ਬਣਾਏ ਹਨ ਜੋ ਬੇਹੱਦ ਖੂਬਸੂਰਤ ਹਨ। ਉਨਾਂ ਕਿਹਾ ਕਿ ਸੋਭਾ ਸਿੰਘ ਦੀ ਕਲਾ ਨੂੰ ਮਾਣ ਦਿੰਦਿਆਂ ਭਾਰਤ ਸਰਕਾਰ ਨੇ ਉਨਾਂ ਨੂੰ ਪਦਮ ਸ੍ਰੀ ਸਨਮਾਨ ਨਾਲ ਸਨਮਾਨਿਆ ਸੀ।
ਅੱਜ ਵਿਦਿਆਰਥੀਆਂ ਨੂੰ ਜਿਥੇ ਸੋਭਾ ਸਿੰਘ ਦੇ ਜਨਮ ਦਿਨ ਮੌਕੇ ਉਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਉਥੇ ਨਾਲ ਹੀ ਬੱਚਿਆਂ ਦੇ ਚਿੱਤਰਕਾਰੀ ਮੁਕਾਬਲੇ ਵੀ ਕਰਾਏ ਗਏ। ਸਕੂਲੀ ਵਿਦਿਆਰਥੀਆਂ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਮਨੋ-ਭਾਵਾਂ ਨੂੰ ਕਾਗਜ਼ ਉੱਪਰ ਚਿੱਤਰਿਆ। ਲੜਕੀਆਂ ਦੇ ਸਕੂਲ ਵਿੱਚੋਂ ਮਿਡਲ ਵਿੰਗ ’ਚੋਂ ਚਿੱਤਰਕਾਰੀ ਮੁਕਾਬਲੇ ਵਿੱਚ ਰਾਜਵਿੰਦਰ ਕੌਰ ਨੇ ਪਹਿਲਾ, ਨੰਦਨੀ ਦੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 9ਵੀਂ ਤੋਂ 12ਵੀਂ ਜਮਾਤ ਦੇ ਵਰਗ ਤੱਕ ਨੀਰਜਪਾਲ ਨੇ ਪਹਿਲਾ, ਸਿਮਰਨ ਨੇ ਦੂਸਰਾ ਅਤੇ ਲਵਲੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕਿਆਂ ਦੇ ਸਕੂਲ ਵਿੱਚ ਮਿਡਲ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਚਿੱਤਰਕਾਰੀ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਾਏ ਗਏ। ਜੇਤੂ ਵਿਦਿਆਰਥੀਆਂ ਨੂੰ ਯੋਗ ਇਨਾਮ ਵੰਡੇ ਗਏ।
ਇਸ ਮੌਕੇ ਲੜਕਿਆਂ ਦੇ ਸਕੂਲ ਦੇ ਪਿ੍ਰੰਸੀਪਲ ਰਜਨੀ ਬਾਲਾ, ਲੈਕਚਰਾਰ ਨਿਰਮਲਜੀਤ ਸਿੰਘ, ਹਰਦੀਪ ਕੌਰ, ਸੁਮਨ ਬਾਲਾ, ਰਣਜੀਤ ਕੌਰ, ਮਨਦੀਪ ਕੌਰ, ਜੋਗਿੰਦਰ ਕੌਰ, ਗੁਰਜੀਤ ਸਿੰਘ, ਰੇਨੂ ਨੇਗੀ, ਬਲਜੀਤ ਕੌਰ ਅਤੇ ਲੜਕੀਆਂ ਦੇ ਸਕੂਲ ਦੇ ਪਿ੍ਰੰਸੀਪਲ ਪਰਵੀਨ ਸ਼ਰਮਾਂ, ਲੈਕਚਰਾਰ ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ, ਮਨਜਤਿ ਕੌਰ, ਮਨਜੀਤ ਕੌਰ, ਹਰਪਾਲ ਸਿੰਘ, ਜਸਵਿੰਦਰ ਕੌਰ, ਵਰਿੰਦਰ ਕੌਰ, ਹਰਪ੍ਰੀਤ ਕੌਰ, ਮਨਦੀਪ ਸਿੰਘ, ਹਰਵਿੰਦਰ ਚੋਪੜਾ, ਬਲਜੀਤ ਕੌਰ, ਅੰਜਨਾ ਅਤੇ ਪੂਜਾ ਵੀ ਹਾਜ਼ਰ ਸਨ।