ਹੌਸਪਿਟਾਲਟੀ ਖੇਤਰ ਵਿੱਚ ਵੱਡਾ ਮਾਅਰਕਾ: ਦੋ ਵਿਦਿਆਰਥੀਆਂ ਨੂੰ 18 ਲੱਖ ਸਾਲਾਨਾ ਤਨਖ਼ਾਹ ਦੀ ਮਿਲੀ ਪੇਸ਼ਕਸ਼
ਚੰਡੀਗੜ੍ਹ 09 ਜਨਵਰੀ 2020: ਅਮਰੀਕਾ ਦੀ ਵਿਸ਼ਵ ਪ੍ਰਸਿੱਧ ਕੰਪਨੀ ਵਾਲਟ ਡਿਜ਼ਨੀ ਨੇ ਲਗਾਤਾਰ ਛੇਵੇਂ ਸਾਲ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮਂੈਟ ਦੌਰਾਨ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਦੀ ਮੈਨੇਜਰ ਸ੍ਰੀਮਤੀ ਮੀਨੂੰ ਭਰਦਵਾਜ ਨੇ ਅੱਜ ਯੂਨੀਵਰਸਿਟੀ ਵਿਖੇ ਪੱਤਰਕਾਰਾਂ ਨਾਲ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਵਾਲਟ ਡਿਜ਼ਨੀ ਵੱਲੋਂ ਕੀਤੀ ਪਲੇਸਮੈਂਟ ਦੌਰਾਨ ਕੁੱਲ 47 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ। ਸਾਲ 2014 ਤੋਂ 'ਵਰਸਿਟੀ ਵਿਖੇ ਵਾਲਟ ਡਿਜ਼ਨੀ ਵੱਲੋਂ ਸ਼ੁਰੂ ਕੀਤੇ ਕੈਂਪਸ ਪਲੇਸਮੈਂਟ ਪ੍ਰੋਗਰਾਮ ਤਹਿਤ ਕੁੱਲ 139 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ: ਸਾਲ 2014 ਵਿੱਚ 5, 2015 ਦੌਰਾਨ 10, 2016 ਵਿੱਚ 11, 2017 'ਚ 25, 2018 ਵਿੱਚ 41 ਅਤੇ 2019 ਦੌਰਾਨ 47 ਵਿਦਿਆਰਥੀ ਨੌਕਰੀ ਲਈ ਚੁਣੇ ਜਾ ਚੁੱਕੇ ਹਨ।
ਸ੍ਰੀਮਤੀ ਮੀਨੂੰ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀ ਬੀ.ਬੀ.ਏ, ਬੀ.ਕਾੱਮ, ਹੋਟਲ ਮੈਨੇਜਮੈਂਟ, ਟ੍ਰੈਵਲ ਟੂਰਿਜ਼ਮ ਅਤੇ ਏਅਰ ਲਾਈਨਜ਼ ਵਿਭਾਗਾਂ ਨਾਲ ਸਬੰਧਿਤ ਹਨ। ਜਿਨ੍ਹਾਂ ਨੂੰ ਡਿਜ਼ਨੀ ਲੈਂਡ ਆਰਲੈਂਡੋ ਫ਼ਲੋਰਿਡਾ ਅਮਰੀਕਾ 'ਚ ਜੂਨ ਤੋਂ ਅਗੱਸਤ ਤੱਕ ਤਿੰਨ ਮਹੀਨੇ ਸਿਖਲਾਈ ਪ੍ਰਦਾਨ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਸਿਖਿਆਰਥੀਆਂ ਨੂੰ 300 ਯੂ.ਐਸ ਡਾਲਰ ਪ੍ਰਤੀ ਹਫ਼ਤੇ ਦਾ ਵੇਤਨ ਮੁਹੱਈਆ ਕਰਵਾਇਆ ਜਾਵੇਗਾ। ਸ੍ਰੀਮਤੀ ਮੀਨੂੰ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ 'ਚੋਂ ਬੀ.ਬੀ.ਏ ਦੀ ਰਿਦਮ ਤਿਵਾੜੀ ਅਤੇ ਹੋਟਲ ਮੈਨੇਜਮੈਂਟ ਦੇ ਦਲੀਪ ਸਿੰਘ ਨੂੰ 18 ਲੱਖ ਦੇ ਸਾਲਾਨਾ ਤਨਖਾਹ ਪੈਕੇਜ਼ 'ਤੇ ਵਾਲਟ ਡਿਜ਼ਨੀ ਨੇ ਬਿਨ੍ਹਾਂ ਟ੍ਰੇਨਿੰਗ ਕਰਵਾਏ ਸਿੱਧਾ ਨੌਕਰੀ ਲਈ ਨਿਯੁਕਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੌਸਪਿਟਾਲਟੀ ਖੇਤਰ ਵਿੱਚ ਜਿਥੇ ਵਿਦਿਆਰਥੀਆਂ ਨੂੰ ਸੱਭ ਤੋਂ ਵੱਡੇ 18 ਲੱਖ ਸਾਲਾਨਾ ਤਨਖਾਹ ਦੀ ਪੇਸ਼ਕਸ਼ ਮਿਲੀ ਹੈ ਉਥੇ ਇਹ ਪੇਸ਼ਕਸ਼ ਵਿਸ਼ਵ ਪ੍ਰਸਿੱਧ ਅਦਾਰੇ ਵਾਲਟ ਡਿਜ਼ਨੀ ਵੱਲੋਂ ਦਿੱਤਾ ਜਾਣਾ ਵਿਦਿਆਰਥੀਆਂ ਲਈ ਵੱਡੀ ਪ੍ਰਾਪਤੀ ਹੈ।ਉਨ੍ਹਾਂ ਦੱਸਿਆ ਕਿ ਭਾਰਤ ਤੋਂ ਚੁਣੇ ਜਾਣ ਵਾਲੇ ਵਿਦਿਆਰਥੀਆਂ 'ਚ ਸੱਭ ਤੋਂ ਵੱਧ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੋਂ ਚੁਣੇ ਗਏ ਹਨ ਜੋ 'ਵਰਸਿਟੀ ਲਈ ਮਾਣ ਵਾਲੀ ਗੱਲ ਹੈ।
ਸ੍ਰੀਮਤੀ ਮੀਨੂੰ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਵਾਲਟ ਡਿਜ਼ਨੀ ਵਰਲਡ ਵਿਚਕਾਰ ਹੋਏ ਇੰਟਰਨੈਸ਼ਨਲ ਕਲਚਰਲ ਐਕਸਚੇਂਜ ਪ੍ਰੋਗਰਾਮ ਨਾਮ ਗਠਜੋੜ ਤਹਿਤ ਚੁਣੇ ਗਏ 47 ਵਿਦਿਆਰਥੀਆਂ ਨੂੰ ਅਮਰੀਕਾ ਦੇ ਫਲੋਰੀਡਾ ਸਥਿਤ ਵਿਸ਼ਵ ਪ੍ਰਸਿੱਧ ਅਦਾਰੇ ਵਾਲਟ ਡਿਜ਼ਨੀ ਵੱਲੋਂ ਸਮਰ ਪਲੇਸਮਂੈਟ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਲਟ ਡਿਜ਼ਨੀ ਵੱਲੋਂ ਜਿਥੇ ਪਿਛਲੇ 5 ਸਾਲਾਂ ਤੋਂ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਰੁਚੀ ਵਿਖਾਉਂਦਿਆਂ ਪਲੇਸਮੈਂਟ ਡਰਾਇਵਾਂ ਦਾ ਆਯੋਜਨ ਕੀਤਾ ਜਾਂਦਾ ਹੈ ਉਥੇ ਇਸ ਵਾਰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਪਲੇਸਮੈਂਟ ਡਰਾਇਵ ਦੌਰਾਨ ਡਿਜ਼ਨੀ ਦੀ ਅਧਿਕਾਰੀ ਯੁਵੇਟ ਨਿਊਦਨ ਵੱਲੋਂ 'ਵਰਸਿਟੀ ਦੇ ਵਿਦਿਆਰਥੀਆਂ ਦੀ ਨਿੱਜੀ ਇੰਟਰਵਿਊ ਦੌਰਾਨ ਚੋਣ ਕੀਤੀ ਗਈ। ਜਿਨ੍ਹਾਂ ਵਿੱਚ 23 ਵਿਦਿਆਰਥੀ ਹੋਟਲ ਮੈਨੇਜਮੈਂਟ, 13 ਏਅਰਲਾਈਨਜ਼ ਐਂਡ ਟੂਰਿਜ਼ਮ, 9 ਬੀ.ਬੀ.ਏ ਅਤੇ 2 ਵਿਦਿਆਰਥੀਆਂ ਬੀ.ਕਾੱਮ ਖੇਤਰਾਂ ਨਾਲ ਸਬੰਧਿਤ ਹਨ।ਇਸ ਮੌਕੇ ਉਚ ਤਨਖ਼ਾਹ ਪੈਕੇਜ਼ 'ਤੇ ਚੁਣੀ ਬੀ.ਬੀ.ਏ ਦੀ ਵਿਦਿਆਰਥਣ ਰਿਦਮ ਤਿਵਾੜੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਏ ਜਾਂਦੇ ਅਕਾਦਮਿਕ ਸਹਿਯੋਗ, ਵਰਕਸ਼ਾਪਾਂ, ਗੋਸ਼ਟੀਆਂ ਅਤੇ ਸੱਭ ਤੋਂ ਅਹਿਮ ਪ੍ਰੀ-ਪਲੇਸਮੈਂਟ ਸਿਖਲਾਈ ਰਾਹੀਂ ਉਨ੍ਹਾਂ ਦਾ ਵਿਸ਼ਵ ਪ੍ਰਸਿੱਧ ਅਦਾਰੇ ਵਿੱਚ ਨੌਕਰੀ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ।ਜਿਥੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਨ ਦੇ ਤੌਰ ਤਰੀਕਿਆਂ ਦਾ ਗਿਆਨ ਹੀ ਨਹੀਂ ਬਲਕਿ ਭਵਿੱਖ ਵਿੱਚ ਹੋਰ ਚੰਗੇ ਰੁਤਬੇ ਪ੍ਰਾਪਤ ਕਰਨ ਲਈ ਯੋਗ ਤਜ਼ਰਬਾ ਮਿਲੇਗਾ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਆਪਣੇ ਵਿਦਿਆਰਥੀਆਂ ਦੀ ਵਿਸ਼ਵ ਪ੍ਰਸਿੱਧ ਅਦਾਰੇ ਵਿੱਚ ਚੋਣ ਹੋਣ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਵਰਸਿਟੀ ਵੱਲੋਂ ਜਿਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਪਾਠਕ੍ਰਮ ਅਤੇ ਸਿਲੇਬਸ ਮੌਜੂਦਾ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਮੁਹੱਈਆ ਕਰਵਾਇਆ ਜਾਂਦਾ ਹੈ ਉਥੇ ਹੀ ਪਹਿਲੇ ਸਾਲ ਤੋਂ ਦਿੱਤੀ ਜਾਂਦੀ ਉਚ ਕੋਟੀ ਦੀ ਪ੍ਰੀ-ਪਲੇਸਮੈਂਟ ਸਿਖਲਾਈ ਸਦਕਾ ਵਿਦਿਆਰਥੀ ਕੰਪਨੀਆਂ ਦੇ ਮਾਹਿਰਾ ਸਾਹਮਣੇ ਬਿਹਤਰ ਪ੍ਰੋਫ਼ੈਸ਼ਨਲ ਨਜ਼ਰੀਆ ਅਤੇ ਕਾਰਗੁਜ਼ਾਰੀ ਵਿਖਾਉਣ ਵਿੱਚ ਸਫ਼ਲ ਰਹੇ ਹਨ।