ਹਰਜਿੰਦਰ ਸਿੰਘ ਭੱਟੀ
ਸੱਭ ਤੋਂ ਘੱਟ ਉਮਰ ’ਚ ਨੈਸ਼ਨਲ ਯੂਥ ਫੈਸਟੀਵਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ
ਥੀਏਟਰ, ਫਾਈਨ ਆਰਟਸ ਵਿੱਚ ਵੀ ਓਵਰਆਲ ਟਰਾਫ਼ੀ ਕੀਤੀ ਆਪਣੇ ਨਾਮ
ਵੱਖ-ਵੱਖ ਮੁਕਾਬਲਿਆਂ ’ਚ 9 ਗੋਲਡ ਅਤੇ 5 ਸਿਲਵਰ ਤੇ ਬਰਾਊਨਜ਼ ਮੈਡਲਾਂ ’ਤੇ ਕੀਤਾ ਕਬਜ਼ਾ
ਚੰਡੀਗੜ੍ਹ, 14 ਫਰਵਰੀ 2020 - ਚੰਡੀਗੜ ਯੂਨੀਵਰਸਿਟੀ ਘੜੂੰਆਂ ਸੱਭ ਤੋਂ ਛੋਟੀ ਉਮਰ ਵਿੱਚ 35ਵੇਂ ਰਾਸ਼ਟਰੀ ਯੂਥ ਫੈਸਟੀਵਲ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤਣ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।ਦੇਸ਼ ਦੀਆਂ ਪੁਰਾਣੀਆਂ ਤੇ ਦਿੱਗ਼ਜ਼ ਸੰਸਥਾਵਾਂ ਨੂੰ 7 ਸਾਲ ਉਮਰ ਦੀ ਯੂਨੀਵਰਸਿਟੀ ਵੱਲੋਂ ਹਰਾ ਕੇ ਚੈਂਪੀਅਨਸ਼ਿਪ ਟਰਾਫ਼ੀ ਜਿੱਤਣਾ ਅਸੰਭਵ ਜ਼ਰੂਰ ਸੀ ਪਰ ਨਾਮੁਮਕਿਨ ਸਾਬਤ ਨਹੀਂ ਹੋਇਆ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਉਪ ਕੁਲਪਤੀ ਡਾ. ਆਰ.ਐਸ ਬਾਵਾ ਨੇ ਕੀਤਾ।ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਬਾਵਾ ਨੇ ਕਿਹਾ ਕਿ ਇਸ ਵਾਰ ਐਮਟੀ ਯੂਨੀਵਰਸਿਟੀ ਨੋਇਡਾ ਵਿਖੇ ਸਮਾਪਤ ਹੋਏ ਨੈਸ਼ਨਲ ਯੂਥ ਫੈਸਟੀਵਲ ਵਿੱਚ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਹੋਣਹਾਰ ਵਿਦਿਆਰਥੀਆਂ ਨੇ ਕੁੱਲ 14 ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚੋਂ 9 ਗੋਲਡ ਅਤੇ 5 ਸਿਲਵਰ ਤੇ ਬਰਾਊਨ ਮੈਡਲ ਹਾਸਲ ਕਰਕੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਮ ਕੀਤੀ ਹੈ, ਜਿਸ ਦੇ ਚਲਦੇ ਨਿਰਸੰਦੇਹ ਇਹ ਇਤਿਹਾਸਕ ਜਿੱਤ ਹੈ।ਉਨਾਂ ਕਿਹਾ ਕਿ ’ਵਰਸਿਟੀ ਨੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ (ਏ.ਆਈ.ਯੂ) ਵੱਲੋਂ ਕਰਵਾਏ ’35ਵੇਂ ਨੈਸ਼ਨਲ ਯੂਥ ਫੈਸਟੀਵਲ-2020’ ਦੀ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਮੁੜ ਤੋਂ ਇਤਿਹਾਸ ਸਿਰਜਿਆ ਹੈ।ਉਨਾਂ ਕਿਹਾ ਕਿ ਨਾਰਥ ਜ਼ੋਨ ਏ.ਆਈ.ਯੂ ਯੂਥ ਫੈਸਟੀਵਲ ਦੀ ਓਵਰਆਲ ਟਰਾਫ਼ੀ ਜਿੱਤਣ ਤੋਂ ਬਾਅਦ ਰਾਸ਼ਟਰ ਪੱਧਰੀ ਯੂਥ ਫੈਸਟੀਵਲ ਵਿੱਚ ਕੁਆਲੀਫਾਈ ਕਰਨ ਉਪਰੰਤ ਚੰਡੀਗੜ ਯੂਨੀਵਰਸਿਟੀ ਇਹ ਵਕਾਰੀ ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਪਹਿਲੀ ਪ੍ਰਾਇਵੇਟ ਯੂਨੀਵਰਸਿਟੀ ਬਣ ਗਈ ਹੈ।ਇਸ ਮੌਕੇ ਉਨਾਂ ਨਾਲ ਸਟੂਡੈਂਟ ਵੈਲਫ਼ੇਅਰ ਵਿਭਾਗ ਤੋਂ ਡਾ. ਅਰਵਿੰਦਰ ਸਿੰਘ ਕੰਗ ਅਤੇ ਮਨੀਸ਼ ਜਾਂਗਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਾ. ਬਾਵਾ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਨੋਇਡਾ ਵਿਖੇ ਹੋਏ 35ਵੇਂ ਨੈਸ਼ਨਲ ਯੂਥ ਫੈਸਟੀਵਲ ਵਿੱਚ ਦੇਸ਼ ਦੀਆਂ 93 ਯੂਨੀਵਰਸਿਟੀਆਂ ਤੋਂ 1600 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ।ਜਿਸ ਦੌਰਾਨ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ 36 ਵਿਦਿਆਰਥੀਆਂ ਦੀ ਟੀਮ ਨੇ ਜਿਥੇ ਥੀਏਟਰ ਅਤੇ ਫਾਈਨ ਆਰਟਸ ਵਿੱਚ ਓਵਰਆਲ ਟਰਾਫ਼ੀ ’ਤੇ ਦਬਦਬਾ ਬਣਾਇਆ ਹੈ ਉਥੇ ਵੱਖ-ਵੱਖ ਵਰਗਾਂ ’ਚ 9 ਪਹਿਲੀਆਂ ਅਤੇ 4 ਰਨਰਅੱਪਸ ਪੁਜੀਸ਼ਨਾਂ ਹਾਸਲ ਕਰਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਉਨਾਂ ਦੱਸਿਆ ਕਿ ਨੈਸ਼ਨਲ ਯੂਥ ਫੈਸਟੀਵਲ ਦੌਰਾਨ ਫਸਟ ਰਨਰਅੱਪ ਗੁਹਾਟੀ ਯੂਨੀਵਰਸਿਟੀ ਅਤੇ ਸੈਕਿੰਡ ਰਨਰਅੱਪ ਦੀ ਪੁਜੀਸ਼ਨ ’ਤੇ ਕਬਜ਼ਾ ਬਨਸਥਲੀ ਵਿਦਿਆਪੀਠ ਯੂਨੀਵਰਸਿਟੀ ਰਾਜਸਥਾਨ ਨੇ ਕੀਤਾ ਹੈ।ਉਨਾਂ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਤੋਂ ਬਾਅਦ ਇੱਕ ਕੌਮੀ ਅਤੇ ਸੂਬਾ ਪੱਧਰੀ ਯੁਵਕ ਮੇਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।ਡਾ. ਬਾਵਾ ਨੇ ਦੱਸਿਆ ਕਿ ਪਿਛਲੇ ਸਾਲ ’ਵਰਸਿਟੀ ਨੇ ਨੈਸ਼ਨਲ ਯੂਵਕ ਮੇਲੇ ਵਿੱਚ ਜਿਥੇ ਫਸਟ ਰਨਰਅੱਪ ਦਾ ਸਨਮਾਨ ਹਾਸਲ ਕੀਤਾ ਸੀ ਉਥੇ ਲਗਾਤਾਰ ਚਾਰ ਸਾਲ ’ਥੀਏਟਰ’ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਵਾ ਕੇ ਨਵਾਂ ਰਾਸ਼ਟਰੀ ਰਿਕਾਰਡ ਸਥਾਪਿਤ ਕੀਤਾ ਹੈ।
ਡਾ. ਬਾਵਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 35ਵੇਂ ਨੈਸ਼ਨਲ ਯੂਥ ਫੈਸਟੀਵਲ 2020 ਦੀ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ, 5 ਸਾਲਾਂ ਦੇ ਅੰਤਰਾਲ ਤੋਂ ਬਾਅਦ ਪੰਜਾਬ ਦੀ ਕਿਸੇ ਯੂਨੀਵਰਸਿਟੀ ਨੇ ਏ.ਆਈ.ਯੂ ਦੀ ਓਵਰਆਲ ਟਰਾਫ਼ੀ ’ਤੇ ਮੁੜ ਤੋਂ ਕਬਜ਼ਾ ਕਰਦਿਆਂ ਸੂਬੇ ਦਾ ਮਾਣ ਵਧਾਇਆ ਹੈ।ਉਨਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਜਿੱਤੇ ਸੂਬੇ ਦਾ ਨਾਮ ਕੌਮੀ ਪੱਧਰ ’ਤੇ ਰੌਸ਼ਨਾਇਆ ਹੈ ਉਥੇ ਹੀ ਟਰਾਈ ਸਿਟੀ ਚੰਡੀਗੜ ਦੀ ’ਵਰਸਿਟੀ ਵੱਲੋਂ ਇਹ ਰੁਤਬਾ ਹਾਸਲ ਕਰਨਾ ਵਿਲੱਖਣ ਪ੍ਰਾਪਤੀ ਹੈ।ਡਾ. ਬਾਵਾ ਨੇ ਕਿਹਾ ਚੰਡੀਗੜ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵਿਚਾਰ ਗੋਸ਼ਟੀਆਂ, ਕਾਨਫ਼ਰੰਸਾਂ, ਵਰਕਸ਼ਾਪਾਂ ਅਤੇ ਮਿਆਰੇ ਅਕਾਦਮਿਕ ਮਾਡਲ ਅਧੀਨ ਮੁਹੱਈਆ ਕਰਵਾਈ ਜਾਂਦੀ ਸਿੱਖਿਆ ਨਾਲ ’ਵਰਸਿਟੀ ਦੇ ਵਿਦਿਆਰਥੀਆਂ ਨੇ ਸਿੱਖਿਆ, ਸੱਭਿਆਚਾਰ, ਖੇਡਾਂ ਅਤੇ ਖੋਜ ਖੇਤਰ ਵਿੱਚ ਵਿਸੇਸ਼ ਪ੍ਰਾਪਤੀਆਂ ਕੀਤੀਆਂ ਹਨ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ, ਖੇਡਾਂ ਅਤੇ ਹੋਰ ਗਤੀਵਿਧੀਆਂ ਨਾਲ ਜੋੜਨ ਅਤੇ ਸਮੁੱਚੀ ਸਖ਼ਸ਼ੀਅਤ ਉਸਾਰੀ ਲਈ ’ਵਰਸਿਟੀ ਵੱਲੋਂ ਵਿਸ਼ੇਸ਼ ਵਜ਼ੀਫ਼ੇ ਵੀ ਰਾਖਵੇਂ ਰੱਖੇ ਗਏ ਹਨ।ਡਾ. ਬਾਵਾ ਨੇ ਕਿਹਾ ਕਿ 35ਵੇਂ ਨੈਸ਼ਨਲ ਯੂਥ ਫੈਸਟੀਵਲ ’ਚ ਜੇਤੂ ਰਹੇ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਮੁਕਾਬਲਿਆਂ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਦਿੱਤੀਆਂ ਪੇਸ਼ਕਾਰੀਆਂ ਨੂੰ ਅਗਲੇ ਹਫ਼ਤੇ ਟੈਗੌਰ ਥੀਏਟਰ ਚੰਡੀਗੜ ਵਿਖੇ ਮੁੜ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਮੌਕੇ ਨੈਸ਼ਨਲ ਯੂਥ ਫੈਸਟੀਵਲ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਨੇ ਦੱਸਿਆ ਕਿ ਫੈਸਟੀਵਲ ਦੇਸ਼ ਭਰ ਤੋਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 1600 ਦੇ ਕਰੀਬ ਵਿਦਿਆਰਥੀਆਂ ਨੇ ਥੀਏਟਰ, ਫਾਈਨ ਆਰਟਸ, ਵੰਨ ਐਕਟ ਪਲੇਅ, ਸਕਿੱਟ, ਮਾਈਮ, ਮਮੀਕਰੀ, ਡਾਂਸ, ਕਲੇਮ ਮਾਡਲਿੰਗ, ਕੌਲਾਜ, ਫ਼ੋਟੋਗ੍ਰਾਫ਼ੀ, ਪੇਟਿੰਗ, ਪੋਸਟਰ ਮੇਕਿੰਗ, ਸੰਗੀਤ ਆਦਿ ਸਮੇਤ ਕੁੱਲ 25 ਮੁਕਾਬਲਿਆਂ ’ਚ ਸ਼ਮੂਲੀਅਤ ਕੀਤੀ।ਉਨਾਂ ਦੱਸਿਆ ਕਿ ਮੁਕਾਬਲਿਆਂ ਦੌਾਰਨ ਚੰਡੀਗੜ ਯੂਨੀਵਰਸਿਟੀ ਦੀ 9 ਮੈਂਬਰੀ ਟੀਮ ਨੇ ਸਮਾਜ ’ਚ ਔਰਤਾਂ ਪ੍ਰਤੀ ਕੁਝ ਤਬਕੇ ਦੀ ਸੌੜੀ ਸੋਚ ਅਤੇ ਬਲਾਤਕਾਰ ਵਰਗੀਆਂ ਅਲਾਮਤਾਂ ’ਤੇ ਕਰਾਰੀ ਚੋਟ ਮਾਰਦੇ ਪ੍ਰਭਾਵਸ਼ਾਲੀ ਨਾਟਕ ’ਕਾਸਿਮਾ’ ਦਾ ਮੰਚਨ ਕਰਕੇ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਵਾਉਂਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨਾਂ ਦੱਸਿਆ ਕਿ ਕਮੇਡੀ ’ਸਕਿੱਟ’ ਮੁਕਾਬਲੇ ਵਿੱਚ ’ਕਯਾ ਮਰਦ ਕੋ ਦਰਦ ਹੋਤਾ ਹੈ’ ਵਿਸ਼ੇ ’ਤੇ ਭਰਪੂਰ ਹਾਸ ਰੰਗ ਬਿਖੇਰਦੇ ਹੋਏ ਅਰੁਨੇਸ਼, ਆਕਾਸ਼ ਕਸ਼ਅਪ, ਅੰਕਿਤ ਪਰੀਕ, ਯਾਦੂ ਨੰਦਨ ਨਾਗਰ, ਅੰਕਿਤਾ ਡੋਗਰਾ, ਜਾਯਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਨਾਂ ਦੱਸਿਆ ਕਿ ’ਆਨਰ ਕੀਲਿੰਗ’ ਵਿਸੇ ’ਤੇ ਹੋਏ ’ਮਾਇਮ’ ਮੁਕਾਬਲਿਆਂ ਵਿੱਚ ’ਵਰਸਿਟੀ ਦੇ ਨਾਮਨ ਧੀਮਾਨ, ਅਦੀਤੀ ਭਾਰਦਵਾਜ, ਅੰਕਿਤਾ ਡੋਗਰਾ, ਯਾਦੂਨੰਦਨ ਅਤੇ ਅੰਕਿਤ ਪਰੀਕ ਦੀ ਟੀਮ ਨੇ ਪਹਿਲਾ ਸਥਾਨ ਆਪਣੇ ਨਾਮ ਕੀਤਾ ਹੈ।ਉਨਾਂ ਦੱਸਿਆ ਕਿ ਇਸੇ ਤਰਾਂ ਡਾਂਸ, ਕਲੇਅ ਮਾਡਲਿੰਗ, ਕੌਲਾਜ, ਫ਼ੋਟੋਗ੍ਰਾਫ਼ੀ, ਇੰਸਟਾਲੇਸ਼ਨ ਅਤੇ ਸੱਭਿਆਚਾਰਕ ਝਾਕੀਆਂ ਮੁਕਾਬਲੇ ’ਚ ਚੰਡੀਗੜ ਯੂਨੀਵਰਸਿਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਡਾ. ਬਾਵਾ ਨੇ ਦੱਸਿਆ ਕਿ ਪੇਟਿੰਗ, ਪੋਸਟਰ ਮੇਕਿੰਗ, ਸਮੂਹਿਕ ਗੀਤ ਪੱਛਮੀ, ਪੱਛਮੀ ਵੋਕਲ ਸੋਲੋ ’ਚ ’ਵਰਸਿਟੀ ਦੀ ਟੀਮ ਨੇ ਦੂਜੇ ਸਥਾਨ ’ਤੇ ਕਬਜ਼ਾ ਕੀਤਾ ਹੈ।
ਡਾ. ਬਾਵਾ ਨੇ ਕਿਹਾ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਵੱਲੋਂ ਕੌਮੀ ਏਕਤਾ ਅਤੇ ਦੇਸ਼ ਦੀ ਅਖੰਡਤਾ ਵਿਦਿਆਰਥੀਆਂ ਦੇ ਮਨਾਂ ਵਿੱਚ ਕਾਇਮ ਕਰਨ ਦੇ ਉਦੇਸ਼ ਨਾਲ ਅਜਿਹੇ ਯੁਵਕ ਮੇਲੇ ਕਰਵਾਏ ਜਾਣਾ ਸ਼ਲਾਘਾਯੋਗ ਹੈ।ਜਿਸ ਨਾਲ ਜਿਥੇ ਸਾਡੀ ਯੁਵਾ ਪੀੜੀ ਵਿੱਚ ਵਿਸ਼ਵ ਵਿਆਪੀ ਸੱਭਿਆਚਾਰਕ ਚੇਤਨਾ ਪੈਦਾ ਕਰਨ, ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਕੰਮਾਂ ਵੱਲ ਰੁਚੀ ਅਤੇ ਹੁਨਰ ਦਾ ਨਿਖਾਰ ਕਰਨ ਪ੍ਰਤੀ ਬਲ ਮਿਲਦਾ ਹੈ ਉਥੇ ਹੀ ਉਨਾਂ ਦੀ ਸੋਚ ਨੂੰ ਉਚਾ ਚੁੱਕਣ ਅਤੇ ਨਵੀਂ ਊਰਜਾ ਪੈਦਾ ਕਰਨ ਵਿੱਚ ਅਜਿਹੇ ਮੇਲੇ ਸਹਾਈ ਸਿੱਧ ਹੁੰਦੇ ਹਨ।ਉਨਾਂ 35ਵੇਂ ਨੈਸ਼ਨਲ ਯੂਥ ਫੈਸਟੀਵਲ 2020 ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।