ਟਰੱਸਟ ਅਧੀਨ ਵੱਖ-ਵੱਖ ਰਾਜਾਂ 'ਚ ਸਥਿਤ ਅਕਾਲ ਅਕੈਡਮੀਆਂ ਦੀ ਵਰਤੋਂ ਰਾਹਤ ਕਾਰਜਾਂ ਲਈ ਕਰ ਸਕਦੀ ਹੈ ਸਰਕਾਰ
ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਚਾਅ ਲਈ ਪੂਰੇ ਦੇਸ਼ ਵਿੱਚ ਚੱਲ ਰਹੇ 'ਲਾਕਡਾਊਨ' (ਤਾਲਾਬੰਦੀ) ਦੇ ਤਹਿਤ ਪ੍ਰਧਾਨ ਮੰਤਰੀ ਦਫਤਰ ਅਤੇ ਪੰਜਾਬ, ਹਿਮਾਚਲ ਦੇ ਮੁੱਖ ਮੰਤਰੀਆਂ ਨੂੰ ਆਪਣੇ ਸਾਧਨਾਂ ਅਤੇ ਯੋਗਦਾਨ ਦੀ ਪੇਸ਼ਕਸ਼ ਕੀਤੀ ਹੈ । ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭੇਜੇ ਇੱਕ ਅਧਿਕਾਰਤ ਚਿੱਠੀ ਪੱਤਰ 'ਚ ਟਰੱਸਟ ਨੇ ਦੇਸ਼ ਦੇ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਸਥਿਤ ਆਪਣੇ ੧੨੧ ਸਕੂਲਾਂ (ਅਕਾਲ ਅਕੈਡਮੀਆਂ) ਨੂੰ ਸਰਕਾਰ ਦੁਆਰਾ ਦਿੱਤੀ ਗਈ ਕਿਸੇ ਵੀ ਕਿਸਮ ਦੀ ਸੇਵਾ ਨਿਭਾਉਣ ਲਈ ਪੇਸ਼ ਕੀਤਾ ਹੈ ਅਤੇ ਟਰੱਸਟ ਪ੍ਰਬੰਧਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਅਧਿਕਾਰਤ ਚਿੱਠੀ ਪੱਤਰ ਲਿਖ ਕੇ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਕਿਸੇ ਵੀ ਕਿਸਮ ਦੀ ਸੇਵਾ ਲਈ ਪੂਰੇ ਪੰਜਾਬ ਦੀਆਂ ੧੦੪ ਅਕਾਲ ਅਕੈਡਮੀਆਂ ਦੀ ਪੇਸ਼ਕਸ਼ ਕੀਤੀ ਹੈ । ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਬੜੂ ਸਾਹਿਬ ਟਰੱਸਟ ਇਕ ਅਜਿਹੀ ਸੰਸਥਾ ਹੈ ਜੋ ਕਿਸੇ ਵੀ ਕੁਦਰਤੀ ਆਫਤ ਅਤੇ ਹੋਰ ਸਮਾਜਿਕ ਕਾਰਜਾਂ ਲਈ ਸਮੁੱਚੀ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਅਜੋਕੀ ਸਥਿਤੀ 'ਚ ਟਰੱਸਟ ਲੋੜਵੰਦਾਂ ਨੂੰ ਮੁਫਤ ਭੋਜਨ (ਲੰਗਰ) ਅਤੇ ਅਕਾਲ ਅਕੈਡਮੀਆਂ ਦੀਆਂ ਇਮਾਰਤਾਂ ਨੂੰ ਕੋਵਿਡ ੧੯ ਦੇ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਨੂੰ ਪੇਸ਼ ਕਰ ਸਕਦਾ ਹੈ । ਇਸ ਤੋਂ ਇਲਾਵਾ ਟਰੱਸਟ ਵਲੋਂ ਜਿੱਥੇ ਹਿਮਾਚਲ ਪ੍ਰਦੇਸ਼ 'ਚ ਲੋਕਾਂ ਨੂੰ ਵੱਡੀ ਪੱਧਰ 'ਤੇ ਰਾਹਤ ਸਮੱਗਰੀ (ਰਾਸ਼ਨ), ਮੈਡੀਕਲ ਸਹੂਲਤਾਂ ਅਤੇ ਮਾਸਕ, ਸੈਨੀਟਾਈਜ਼ਰ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ, ਓਥੇ ਨਾਲ ਹੀ ਟਰੱਸਟ ਵਲੋਂ ਆਪਣੇ ਅਧੀਨ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਰਾਂਹੀ ਲੋੜਵੰੰਦ ਲੋਕਾਂ ਨੂੰ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।