ਅਸ਼ੋਕ ਵਰਮਾ
ਮਾਨਸਾ, 19 ਮਈ 2020 - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਦੂਰਦਰਸ਼ਨ ਦੇ ਯਤਨਾਂ ਸਦਕਾ ਅੱਜ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੇ ਡੀ ਡੀ ਪੰਜਾਬੀ ਚੈੱਨਲ ਤੋਂ ਆਪਣੇ ਵਿਸ਼ਾ ਮਾਹਿਰ ਅਧਿਆਪਕਾਂ ਨੂੰ ਘਰ ਬੈਠਕੇ ਸੁਣਿਆ। ਅੱਜ ਸਵੇਰ ਵੇਲੇ ਨੌਵੀਂ ਤੋਂ ਦਸਵੀਂ ਅਤੇ ਬਾਅਦ ਦੁਪਹਿਰ ਤੀਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੇ ਸਿਲੇਬਸ ਅਧਾਰਿਤ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਗਿਆ। ਸਿੱਖਿਆ ਵਿਭਾਗ ਦੇ ਇਸ ਉਪਰਾਲੇ ਕਾਰਨ ਪੇਂਡੂ ਖਿੱਤੇ ਦੇ ਵਿਦਿਆਰਥੀ ਖੁਸ਼ ਹਨ ਕਿ ਹਰ ਘਰ ਤੱਕ ਦੂਰਦਰਸ਼ਨ ਦੀ ਪਹੁੰਚ ਹੋਣ ਕਾਰਨ ਉਨਾਂ ਲਈ ਸਿੱਖਿਆ ਹੋਰ ਵੀ ਅਸਾਨ ਸਾਬਤ ਹੋਵੇਗੀ।
ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਬੀਤੇ ਦਿਨੀਂ ਇਕੋ ਸਮੇਂ ਪੰਜਾਬ ਦੇ 3500 ਤੋਂ ਵੱਧ ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਦੂਰਦਰਸ਼ਨ ਰਾਹੀਂ ਘਰ ਬੈਠੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਬਾਰੇ ਉਤਸ਼ਾਹਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ। ਜਾਣਕਾਰੀ ਅਨੁਸਾਰ ਅੱਜ ਹਰ ਘਰ ਚ ਵਿਦਿਆਰਥੀਆਂ ਨੇ ਪੂਰੀ ਦਿਲਚਸਪੀ ਨਾਲ ਦੂਰਦਰਸ਼ਨ ਤੋਂ ਇਹ ਸਿੱਖਿਆ ਪ੍ਰੋਗਰਾਮ ਦੇਖੇ ਤੇ ਸੁਣੇ।ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਨੇ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਬੱਚਿਆਂ ਅਤੇ ਮਾਪਿਆਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕੀਤਾ ਹੈ ਅਤੇ ਨਵੇਂ ਸ਼ੈਸਨ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਔਖੀ ਘੜੀ ਦੌਰਾਨ ਹਾਈਟੈੱਕ ਤਕਨੀਕਾਂ ਦੀ ਵਰਤੋਂ ਕਰਕੇ ਬੱਚਿਆਂ ਦੀ ਪੜਾਈ ਨੂੰ ਜਾਰੀ ਰੱਖਿਆ ਗਿਆ ਹੈ।
ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੱਤਵੀਂ, ਅੱਠਵੀਂ ਕਲਾਸਾਂ ਲਈ ਐਨਸੀਈਆਰਟੀ ਰਾਹੀਂ ਡੀਟੀਐੱਚ ਚੈੱਨਲ ਸਵੈਮ ਪ੍ਰਭੂ ਰਾਹੀਂ ਵਿਭਾਗ ਸਿੱਖਿਆ ਦੇ ਰਿਹਾ ਹੈ ਜਦੋ ਮੋਬਾਈਲ,ਯੂ ਟਿਊਬ ਚੈੱਨਲ, ਰੇਡੀਓ, ਐਜੂਸੈੱਟ, ਗੂਗਲ ਡਰਾਇਵ ਅਤੇ ਹੋਰ ਸਾਧਨਾਂ ਰਾਹੀ ਸਿੱਖਿਆ ਵਿਭਾਗ ਨਵੇਂ ਸ਼ੈਸਨ ਤੋਂ ਹੀ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਬਾਕੀ ਕਲਾਸਾਂ ਲਈ ਵੀ ਦੂਰਦਰਸ਼ਨ ਅਤੇ ਹੋਰ ਚੈਨਲਾਂ ਰਾਹੀਂ ਸਿੱਖਿਆ ਦੇਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵੱਖ ਵੱਖ ਟੀ ਵੀ ਚੈਨਲਾਂ ਲਈ ਲੈਕਚਰਾਰ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਹਰ ਗੱਲ ਸਮਝ ਸਕਣ।
ਇਸ ਕਰਕੇ ਹੀ ਹਰ ਲੈਕਚਰਾਰ ਵੱਲੋਂ ਭਾਸ਼ਾ ਦੀ ਸਰਲਤਾ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹਰ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਨੀਤੀ ਅਤੇ ਆਨਲਾਈਨ ਸਿੱਖਿਆ ਦੇ ਸਫਲ ਤਜਰਬੇ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਆਨਲਾਈਨ ਦਾਖਲੇ ਹੋ ਰਹੇ ਹਨ,ਜਿਨਾਂ ’ਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ। ਉਨਾਂ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਭਾਵੇ ਜ਼ਿੰਦਗੀ ਠਹਿਰ ਗਈ ਪਰ ਜ਼ੂਮ ਐਪ ਸਿੱਖਿਆ ਵਿਭਾਗ ਲਈ ਵਰਦਾਨ ਸਾਬਤ ਹੋਈ ਜਿਸ ਨੇ ਆਨਲਾਈਨ ਸਿੱਖਿਆ ਤੇ ਦਾਖਲਿਆਂ ’ਚ ਅਹਿਮ ਯੋਗਦਾਨ ਪਾਇਆ ਹੈ।