ਮਨਿੰਦਰਜੀਤ ਸਿੱਧੂ
- ਵੈਬੀਨਾਰ ਵਿਚ ਵੱਖ-ਵੱਖ ਰਾਜਾਂ ਦੇ ਪ੍ਰਾਧਿਆਪਕ ਅਤੇ ਵਿਦਿਆਰਥੀ ਆਨਲਾਈਨ ਸ਼ਾਮਲ ਸਨ
ਜੈਤੋ , 3 ਜੂਨ , 2020 - ਯੂਨੀਵਰਸਿਟੀ ਕਾਲਜ ਜੈਤੋ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਮਰਾਟ ਖੰਨਾ ਤਾਮਿਲਨਾਡੂ ਰਾਜ ਦੇ ਏ.ਪੀ.ਏ. ਕਾਲਜ ਆਫ਼ ਆਰਟ ਐਂਡ ਕਲਚਰ, ਪਲਾਨੀ ਵੱਲੋਂ ਆਯੋਜਤ ਕੀਤੇ ਗਏ ਵੈਬੀਨਾਰ ਵਿਚ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਗੂਗਲ ਕਲਾਸ ਰੂਮ ਜ਼ਰੀਏ ਆਯੋਜਿਤ ਇਸ ਵੈਬੀਨਾਰ ਵਿਚ ਵੱਖ-ਵੱਖ ਰਾਜਾਂ ਦੇ ਪ੍ਰਾਧਿਆਪਕ ਅਤੇ ਵਿਦਿਆਰਥੀ 224 ਦੀ ਗਿਣਤੀ ਵਿਚ ਆਨਲਾਈਨ ਸ਼ਾਮਲ ਸਨ। ਇਸ ਵੈਬੀਨਾਰ ਦੀ ਪ੍ਰਧਾਨਗੀ ਪਿ੍ਰੰਸੀਪਲ ਡਾ. ਪੀ. ਪ੍ਰਭਾਕਰ ਨੇ ਕੀਤੀ ਅਤੇ ਇਸ ਦੇ ਕਨਵੀਨਰ ਡਾ. ਡੀ. ਮਨੋਹਰਨ ਅਤੇ ਕੋਆਰਡੀਨੇਟਰ ਡਾ. ਟੀ. ਸਤਯਕਲਾ ਸਨ। ਡਾ. ਸਮਰਾਟ ਖੰਨਾ ਨੇ ‘ਪ੍ਰਭਾਵਸ਼ਾਲੀ ਸੰਚਾਰ ਅਤੇ ਹਾਂ ਪੱਖੀ ਰਵੱਈਆ’ (ਇਫ਼ੈਕਟਿਵ ਕਮਿਊਨੀਕੇਸ਼ਨ ਐਂਡ ਪਾਜ਼ਿਟਿਵ ਥਿਕਿੰਗ) ਵਿਸ਼ੇ ’ਤੇ ਆਪਣਾ ਲੈਕਚਰ ਇਲੈਕਟ੍ਰਾਨਿਕ ਤਰੀਕੇ ਨਾਲ ਤਿਆਰ ਕੀਤੀ ਪਰੈਜਨਟੇਸ਼ਨ ਰਾਹੀਂ ਦਿੱਤਾ। ਡਾ. ਐਸ. ਮਹਾਂਲਕਸ਼ਮੀ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰਾਧਿਆਪਕ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਡਾ. ਸਮਰਾਟ ਖੰਨਾ ਅੰਗਰੇਜ਼ੀ ਦੇ ਪ੍ਰਬੱੁਧ ਪ੍ਰਾਧਿਆਪਕ ਹਨ ਅਤੇ ਅੰਗਰੇਜ਼ੀ ਨੂੰ ਸੰਚਾਰ ਦੀ ਭਾਸ਼ਾ ਵਜੋਂ ਸਮਝਣ-ਸਮਝਾਉਣ ਦੇ ਸਿਲਸਿਲੇ ਵਿਚ ਬਹੁਤ ਮਾਹਰ ਹਨ। ਉਨਾਂ ਵੱਲੋਂ ਇਸ ਲੈਕਚਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਹਿਲੇ ਹਿੱਸੇ ਵਿਚ ਅੰਗਰੇਜ਼ੀ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਦੀ ਮੁਹਾਰਤ ’ਤੇ ਚਰਚਾ ਕੀਤੀ ਗਈ ਅਤੇ ਦੂਜੇ ਹਿੱਸੇ ਵਿਚ ਹਾਂ-ਪੱਖੀ ਵਿਹਾਰ ਸਬੰਧੀ ਬੜੇ ਮੁੱਲਵਾਨ ਨੁਕਤੇ ਸਾਂਝੇ ਕੀਤੇ ਗਏ। ਡਾ. ਤੱਗੜ ਤੋਂ ਇਲਾਵਾ ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ, ਡਾ. ਦਿਵਿਯਾ ਜਯੋਤੀ, ਪ੍ਰੋ. ਰੁਚਿਕਾ ਸੇਠ ਨੇ ਵੀ ਡਾ. ਖੰਨਾ ਨੂੰ ਇਸ ਅਕਾਦਮਿਕ ਉਪਲਬਧੀ ਲਈ ਵਧਾਈ ਦਿੱਤੀ।