ਅਸ਼ੋਕ ਵਰਮਾ
ਮਾਨਸਾ, 4 ਜੂਨ 2020 - ਦੂਰਦਰਸ਼ਨ ਅਤੇ ਸਵਅਮ ਪ੍ਰਭਾ ਚੈੱਨਲ ਤੇ ਬਾਰ੍ਹਵੀਂ ਕਲਾਸ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਲਾਸਾਂ ਸ਼ੁਰੂ ਹੋਣ ਨਾਲ ਪੰਜਾਬ ਭਰ ਦੇ ਵਿਦਿਆਰਥੀ ਖੁਸ਼ੀ ਅਤੇ ਸਿੱਖਿਆ ਮਾਹਿਰ ਤਸੱਲੀ ਜ਼ਾਹਿਰ ਕਰ ਰਹੇ ਹਨ ਕਿ ਇਹ ਵਿਦਿਆਰਥੀ ਅਪਣੀ ਕਲਾਸ ਦੇ ਸਲੇਬਸ ਨਾਲ ਜੁੜ ਸਕਣਗੇ ਅਤੇ ਭਵਿੱਖ ਚ ਦੂਰਦਰਸ਼ਨ ਤੇ ਹੋਰ ਚੈੱਨਲਾਂ ਦੇ ਸਿੱਖਿਆ ਪ੍ਰੋਗਰਾਮਾਂ ਪ੍ਰਤੀ ਰੁਚੀ ਰੱਖਣ ਲੱਗਣਗੇ।
ਇਸ ਤੋਂ ਪਹਿਲਾਂ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਅਤੇ ਸਵਅਮ ਪ੍ਰਭਾ ਚੈੱਨਲ ਤੇ ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ,ਨੌਵੀਂ, ਦਸਵੀਂ ਦੇ ਸਿੱਖਿਆ ਪ੍ਰੋਗਰਾਮ ਚਲ ਰਹੇ ਹਨ ਜਿਨ੍ਹਾਂ ਬਾਰੇ ਅਧਿਆਪਕ ਰੋਜ਼ਾਨਾਂ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ।
ਜਾਣਕਾਰੀ ਅਨੁਸਾਰ ਹਿਊਮੈਨਟੀਜ ਵਿਸ਼ਿਆਂ ਦੇ ਲੈਕਚਰਾਰਾਂ ਦੁਆਰਾ ਸ੍ਰੀਮਤੀ ਬਿੰਦੂ ਗੁਲਾਟੀ,ਸਾਬਕਾ ਸਹਾਇਕ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ ਤਹਿਤ ਤਿਆਰ ਕੀਤੇ ਗਏ ਲੈਕਚਰ ਐੱਨ.ਸੀ. ਈ.ਆਰ.ਟੀ. ਵੱਲੋਂ ਪ੍ਰਸਾਰਿਤ ਕੀਤੇ ਜਾ ਰਹੇ ਹਨ। ਅੰਗਰੇਜ਼ੀ ਵਿਸ਼ੇ ਦੇ ਬਾਰਵੀਂ ਦੇ ਇਹ ਲੈਕਚਰ 3 ਜੂਨ ਤੋਂ ਸ਼ੁਰੂ ਕੀਤੇ ਗਏ ਹਨ । ਮੰਨਿਆ ਜਾ ਰਿਹਾ ਹੈ ਕਿ ਕਰੋਨਾ ਕਾਰਲ ਸਿੱਖਿਆ ’ਤੇ ਆਏ ਸੰਕਟ ਨਾਲ ਨਜਿੱਠਣ ਵਿੱਚ ਇਨਾਂ ਲੈਕਚਰਾਂ ਦਾ ਵੱਡਾ ਯੋਗਦਾਨ ਹੈ । ਇਸ ਦਾ ਲਾਭ ਉਨਾਂ ਵਿਦਿਆਰਥੀਆਂ ਨੂੰ ਹੋਰ ਵੀ ਹੋਵੇਗਾ ਜਿੰਨਾਂ ਕੋਲ ਸਮਾਰਟਫੋਨ ਨਹੀਂ ਅਤੇ ਉਹ ਫ੍ਰੀ ਟੂ ਏਅਰ ਚੈਨਲ ਰਾਹੀਂ ਘਰ ਬੈਠੇ ਹੀ ਆਪਣੀ ਪੜਾਈ ਕਰ ਸਕਣਗੇ ।
ਸਟੇਟ ਕੋਆਰਡੀਨੇਟਰ ਸ੍ਰੀਮਤੀ ਵਰਿੰਦਰ ਕੌਰ ਨੇ ਦੱਸਿਆ ਕਿ ਯੋਗਿਤਾ ਜੋਸ਼ੀ ਲੈਕਚਰਾਰ ਅੰਗਰੇਜੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬਾਘਾ ਦੁਆਰਾ ਤਿਆਰ ਕੀਤੇ ਗਏ ਪਾਠਾਂ ਨੂੰ ਐਨਸੀਈਆਰਟੀ ਨੇ ਵੀ ਵਧੀਆ ਮੰਨਿਆ ਹੈ। ਗੁਰਸੇਵ ਸਿੰਘ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਨੇ ਦੱਸਿਆ ਕਿ ਅੰਗ੍ਰੇਜ਼ੀ ਰਿਸੋਰਸ ਟੀਮ ਵੱਲੋਂ ਯੂ ਟਿਊਬ ਚੈਨਲ ਤਿਆਰ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਲੈਕਚਰ ਪਾਏ ਜਾ ਰਹੇ ਹਨ । ਜਿੱਥੇ ਯੋਗਿਤਾ ਜੋਸ਼ੀ ਵੱਲੋਂ ਸੱਤਵੀਂ,ਅੱਠਵੀਂ ਅਤੇ ਬਾਰਵੀਂ ਲਈ ਵੀਡੀਓਜ਼,ਯੂਟਿਊਬ ਲੈਕਚਰ ਅਤੇ ਪੀ.ਪੀ.ਟੀਜ਼ ਬਣਾਈਆਂ ਜਾ ਰਹੀਆਂ ਹਨ ਹਨ, ਉੱਥੇ ਹੀ ਅੰਗਰੇਜ਼ੀ ਦੇ ਰਿਸੋਰਸ ਪਰਸਨ ਬਿਮਲ ਕੁਮਾਰ ਜੈਨ ਵੱਲੋਂ ਲਗਾਤਾਰ ਹਰ ਰੋਜ ਆਨਲਾਈਨ ਜਮਾਤਾਂ ਲਾਈਆਂ ਜਾ ਰਹੀਆਂ ਹਨ ।
ਅੰਗਰੇਜ਼ੀ ਰਿਸੋਰਸ ਪਰਸਨ ਦਰਸ਼ਨ ਸਿੰਘ ਬਰੇਟਾ , ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੱਲਰੀਆਂਵੱਲੋਂ ਅੰਗਰੇਜ਼ੀ ਗਰਾਮਰ ਸਬੰਧੀ ਵੀਡੀਓ ਲੈਕਚਰਾਂ ਦੀ ਯੂ.ਟਿਊਬ ਸੀਰੀਜ਼ ਤਿਆਰ ਕੀਤੀ ਜਾ ਰਹੀ ਹੈ ।ਅੰਗਰੇਜ਼ੀ ਦੇ ਰਿਸੋਰਸ ਪਰਸਨ ਸੁਰਿੰਦਰ ਮਿੱਤਲ,ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਮਾਨਸਾ, ਵੱਲੋਂ ਵਿਦਿਆਰਥੀਆਂ ਲਈ ਵੀਡੀਓ ਕਲਿਪਸ ਤਿਆਰ ਕੀਤੀਆਂ ਗਈਆਂ । ਰਿਸੋਰਸ ਪਰਸਨ ਪਰਮਵੀਰ ਕੌਰ,ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡਾ ਖੁਰਦ ਅਤੇ ਲਖਬੀਰ ਸਿੰਘ , ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ,ਵੱਲੋਂ ਵੀ ਸੇਵਾਵਾਂ ਦਿੱਤੀਆਂ ਗਈਆਂ। ਸਟੇਟ ਕੋਆਰਡੀਨੇਟਰ ਵਰਿੰਦਰ ਕੌਰ ਅਤੇ ਅਨੁਰਾਗ ਸਿੱਧੂ ਨੇ ਦੱਸਿਆ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਕਿ ਹਾਲਾਤ ਸੁਖਾਵੇਂ ਨਹੀਂ ਹੁੰਦੇ ਅਤੇ ਸਕੂਲਾਂ ਚ ਜਮਾਤਾਂ ਸੁਰੂ ਨਹੀਂ ਹੋ ਜਾਂਦੀਆਂ। ਉਨਾਂ ਦੱਸਿਆ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਵੀ ਇਨਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦੇ ਭਰਪੂਰ ਯਤਨ ਕੀਤੇ ਜਾਣਗੇ।