ਅਸ਼ੋਕ ਵਰਮਾ
ਮਾਨਸਾ, 6 ਜੂਨ 2020 - ਕੋਰੋਨਾ ਵਾਇਰਸ ਦੀ ਔਖੀਂ ਘੜੀ ਦੌਰਾਨ ਸਰਕਾਰੀ ਸੈਕੰਡਰੀ ਸਕੂਲ,ਉੱਭਾ ਬੁਰਜ ਢਿੱਲਵਾਂ ਨੇ ਆਪਣੀ ਐਪ ਲਾਂਚ ਕਰਨ ਦੀ ਪਹਿਲ ਕਦਮੀਂ ਕੀਤੀ ਹੈ। ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਐਪ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਹਰੇਕ ਕਲਾਸ ਦੇ ਸਾਰੇ ਵਿਸ਼ਿਆਂ ਦਾ ਸਿਲੇਬਸ, ਸਾਰੇ ਪਾਠ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਮੁਹਈਆ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਸਾਇੰਸ ਵਿਸ਼ੇ ਦਾ ‘ਪ੍ਰਕਾਸ਼ ਦਾ ਪ੍ਰਾਵਰਤਨ’ ਪਾਠ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਹੋਰ ਵਿਸ਼ਾ ਵਸਤੂ ਵੀ ਨਾਲ ਦੀ ਨਾਲ ਹੀ ਮੁਹਈਆ ਕਰਵਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਸੀਮਿਤ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਪ ਤੇ ਪ੍ਰੀਖਿਆਵਾਂ,ਫੌਜ ਦੀ ਭਰਤੀ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮੈਟਰ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਐਪ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੈ ਅਤੇ ਕੋਈ ਵੀ ਇਸ ਨੂੰ ਡਾਊਨਲੋਡ ਕਰਕੇ ਲਾਭ ਲੈ ਸਕਦਾ ਹੈ। ਇਸ ਐਪ ਤੇ ਬੱਚਿਆਂ ਨੂੰ ਸਾਰਾ ਮੈਟਰ ਇੱਕੋ ਜਗਾ ਉਪਲੱਬਧ ਹੋਵੇਗਾ ਅਤੇ ਉਹਨਾਂ ਨੂੰ ਵੱਖ ਵੱਖ ਜਗਾ ਤੇ ਭਾਲ ਕਰਨ ਦੀ ਲੋੜ ਨਹੀਂ ਪਵੇਗੀ।